ਪੱਤਰ ਪ੍ਰੇਰਕ
ਲਹਿਰਾਗਾਗਾ ,11 ਸਤੰਬਰ
ਇਥੇ ਸ਼ੈਲਰ ਮਾਲਕਾਂ ਦੀ ਐਸੋਸੀਏਸ਼ਨ ਦੋਫਾੜ ਹੋ ਗਈ। ਦੂਜੀ ਧਿਰ ਨੇ ਦੋ ਦਿਨਾਂ ਬਾਅਦ ਹੀ ਨਵਾਂ ਪ੍ਰਧਾਨ ਚੁਣ ਲਿਆ ਹੈ। ਦੱਸਣਯੋਗ ਹੈ ਕਿ ਸ਼ੈਲਰ ਐਸੋਸੀਏਸ਼ਨ ਦੀ ਜੀਪੀਐਫ ਕੰਪਲੈਕਸ ’ਚ ਦੋ ਦਿਨ ਪਹਿਲਾਂ ਹੋਈ ਮੀਟਿੰਗ ’ਚ ਕਸ਼ਮੀਰਾ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ ਸੀ ਅਤੇ ਮੋਹਤਬਰ ਵਿਅਕਤੀਆਂ ਨੇ 59 ਸ਼ੈੱਲਰਾਂ ਵਿੱਚੋਂ 51 ਸ਼ੈੱਲਰ ਮਾਲਕ ਦੇ ਇਸ ਮੀਟਿੰਗ ਵਿੱਚ ਹਾਜ਼ਰ ਹੋਣ ਦਾ ਦਾਅਵਾ ਕੀਤਾ ਸੀ। ਦੂਜੇ ਪਾਸੇ ਸੌਰਵ ਕੰਪਲੈਕਸ ਲਹਿਰਾਗਾਗਾ ਵਿੱਚ ਸ਼ੈਲਰ ਮਾਲਕਾਂ ਦੀ ਦੂਜੀ ਧਿਰ ਦਾ ਇਕੱਠ ਹੋਇਆ, ਜਿਸ ਵਿੱਚ ਪਿਛਲੇ ਕਈ ਸਾਲਾਂ ਤੋਂ ਪ੍ਰਧਾਨ ਬਣਦੇ ਆ ਰਹੇ ਚਰਨਜੀਤ ਸ਼ਰਮਾ ਨੂੰ ਮੁੜ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਲਹਿਰਾ ਵਿਕਾਸ ਮੰਚ ਦੇ ਕਨਵੀਨਰ ਬਰਿੰਦਰ ਗੋਇਲ ਐਡਵੋਕੇਟ ਨੇ ਕਿਹਾ ਕਿ ਸ਼ੈਲਰ ਐਸੋਸੀਏਸ਼ਨ ਦਾ ਪਿਛਲਾ ਪ੍ਰਧਾਨ ਮੀਟਿੰਗ ਬੁਲਾ ਕੇ ਲੇਖਾ ਜੋਖਾ ਦਿੰਦਾ ਹੈ ਤੇ ਅਗਲੇ ਪ੍ਰਧਾਨ ਦੀ ਚੋਣ ਲਈ ਤਰੀਕ ਤੈਅ ਕੀਤੀ ਜਾਂਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਦੋ ਦਿਨ ਪਹਿਲਾਂ ਹੋਈ ਚੋਣ ਨਿਯਮਾਂ ਤੋਂ ਬਾਹਰ ਜਾ ਕੇ ਕੀਤੀ ਗਈ ਅਤੇ ਨਵਾਂ ਪ੍ਰਧਾਨ ਮਿਲਰਾਂ ’ਤੇ ਰਾਜਨੀਤਕ ਦਬਾਅ ਪਾ ਕੇ ਬਣਾਇਆ ਗਿਆ। ਨਵ ਨਿਯੁਕਤ ਪ੍ਰਧਾਨ ਚਰਨਜੀਤ ਸ਼ਰਮਾ ਨੇ ਕਿਹਾ ਕਿ ਦੋ ਦਿਨ ਪਹਿਲਾਂ ਹੋਈ ਚੋਣ ਗੈਰਕਾਨੂੰਨੀ ਸੀ। ਇਸ ਚੋਣ ਸਮੇਂ ਬਾਹਰਲੇ ਵਿਅਕਤੀ ਹੀ ਆਏ ਸਨ ਜਿਨ੍ਹਾਂ ਦਾ ਸ਼ੈਲਰ ਉਦਯੋਗ ਨਾਲ ਕੋਈ ਸਬੰਧ ਨਹੀਂ ਹੈ।
ਇਸ ਮੌਕੇ ਸ਼ੈੱਲਰ ਮਾਲਕਾਂ ਵਿੱਚੋਂ ਕਾਮਰੇਡ ਸਤਵੰਤ ਸਿੰਘ ਖੰਡੇਬਾਦ, ਮੇਘ ਰਾਜ, ਗੌਰਵ ਗੋਇਲ, ਸੁਭਾਸ਼ ਬਰਨਾਲਾ, ਸੱਤਪਾਲ ਜਵਾਹਰਵਾਲਾ, ਆੜ੍ਹਤੀ ਯੂਨੀਅਨ ਦੇ ਪ੍ਰਧਾਨ ਜੀਵਨ ਕੁਮਾਰ ਰੱਬੜ ਆਦਿ ਹਾਜ਼ਰ ਸਨ।
ਚਰਨਜੀਤ ਸ਼ਰਮਾ ਨੂੰ ਪ੍ਰਧਾਨ ਚੁਣਨ ਸਮੇਂ ਹਾਜ਼ਰ ਸ਼ੈਲਰ ਮਾਲਕ।- ਫੋਟੋ: ਭਾਰਦਵਾਜ