ਬੀਰਬਲ ਰਿਸ਼ੀ
ਸ਼ੇਰਪੁਰ, 13 ਮਾਰਚ
ਮਾਹਰ ਡਾਕਟਰਾਂ, ਸਿਹਤ ਅਮਲੇ ਤੇ ਹੋਰ ਸਹੂਲਤਾਂ ਦੀ ਘਾਟ ਕਾਰਨ ਕਰੋੜਾਂ ਦੀ ਲਾਗਤ ਨਾਲ ਤਿਆਰ ਕਮਿਊਨਿਟੀ ਹੈਲਥ ਸੈਂਟਰ ਸ਼ੇਰਪੁਰ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ। ਜਾਣਕਾਰੀ ਅਨੁਸਾਰ ਤਿੰਨ ਦਰਜ਼ਨ ਪਿੰਡਾਂ ਦੇ ਕੇਂਦਰ ਬਿੰਦੂ ਸ਼ੇਰਪੁਰ ਹਸਪਤਾਲ ਵਿੱਚ ਮਾਹਰ ਡਾਕਟਰਾਂ ’ਚ ਦੰਦਾਂ ਦੇ ਡਾਕਟਰ ਤੋਂ ਬਿਨਾਂ ਕੁੱਲ 6 ਅਸਾਮੀਆਂ ਵਿੱਚੋਂ 4 ਖਾਲੀ ਹਨ, ਜਨਰਲ ਮੈਡੀਕਲ ਅਫ਼ਸਰਾਂ ਦੀਆਂ 3 ਤੇ ਫਾਰਮੇਸੀ ਅਫਸਰ ਦੀ ਅਸਾਮੀ ਵੀ ਖਾਲੀ ਹੈ। ਹਸਪਤਾਲ ਵਿੱਚ ਅੱਖਾਂ ਦਾ ਕੋਈ ਮਾਹਰ ਡਾਕਟਰ ਨਹੀਂ ਹੈ, ਗਾਇਨੀ ਦੀ ਡਾਕਟਰ ਛੁੱਟੀ ’ਤੇ ਚੱਲ ਰਹੀ ਹੈ, ਸਟਾਫ਼ ਨਰਸਾਂ ਤੇ ਲੋੜੀਂਦੇ ਮੈਡੀਕਲ ਔਜ਼ਾਰਾਂ ਦੀ ਵੀ ਘਾਟ ਹੈ।
ਆਮ ਆਦਮੀ ਪਾਰਟੀ ਦੀ ਸਰਕਾਰ ਦੇ ਆਉਂਦਿਆਂ ਹੀ ਭਾਵੇਂ ਵਿਭਾਗ ਵੱਲੋਂ ਸਾਰੇ ਟੈਸਟ ਹਸਪਤਾਲਾਂ ਦੇ ਅੰਦਰ ਹੀ ਕਰਨ ਸਬੰਧੀ ਚਿੱਠੀ ਕੱਢੇ ਜਾਣ ਦੀ ਖ਼ਬਰ ਹੈ ਪਰ ਸ਼ੇਰਪੁਰ ਅੰਦਰ ਲੈਬ ਟੈਕਨੀਸ਼ੀਅਨ ਦੀਆਂ ਕੁੱਲ ਛੇ ਅਸਾਮੀਆਂ ਵਿੱਚੋਂ ਸਾਰੀਆਂ ਹੀ ਖਾਲੀ ਪਈਆਂ ਹਨ ਕਿਉਂਕਿ ਇੱਥੇ ਲੈਬ ਟੈਕਨੀਸ਼ੀਅਨ ਨਾਲ ਚਲਦਾ ਕੰਮ ਪਿਛਲੇ ਪੰਜ ਛੇ ਮਹੀਨੇ ਪਹਿਲਾਂ ਕਥਿਤ ਰਾਜਨੀਤਿਕ ਦਬਾਅ ਤਹਿਤ ਹੋਈ ਬਦਲੀ ਕਾਰਨ ਬੰਦ ਹੋ ਕੇ ਰਹਿ ਗਿਆ। ਹੁਣ ਦਿਹਾੜੀਦਾਰ ਲੋਕਾਂ ਨੂੰ ਖੂਨ ਤੇ ਪਿਸ਼ਾਬ ਦੇ ਟੈਸਟ ਹਸਪਤਾਲੋਂ ਬਾਹਰੋਂ ਮਹਿੰਗੇ ਭਾਅ ’ਤੇ ਕਰਵਾਉਣੇ ਪੈ ਰਹੇ ਹਨ। ਹਸਪਤਾਲ ਕੋਲ ਐਂਬੂਲੈਂਸ ਹੈ ਪਰ ਕੰਡਮ ਹੋਣ ਕਾਰਨ ਕਬਾੜ ਬਣੀ ਖੜ੍ਹੀ ਹੈ ਅਤੇ ਵਿਭਾਗ ਕੋਲ ਉਸ ਨੂੰ ਚਲਾਉਣ ਵਾਲੇ ਡਰਾਈਵਰ ਦੀ ਅਸਾਮੀ ਖਾਲੀ ਹੈ। ਇੱਥੇ ਐਕਸਰੇ ਮਸ਼ੀਨ ਨੂੰ ਚਲਾਉਣ ਵਾਲੀ ਮਹਿਲਾ ਮੁਲਾਜ਼ਮ ਤਾਂ ਹੈ ਪਰ ਐਕਸਰੇ ਮਸ਼ੀਨ ਨਹੀਂ ਹੈ। ਹਸਪਤਾਲ ਦਾ ਕੰਮ ਦਿਨ ਸਮੇਂ ਆਏ ਨਾਜ਼ੁਕ ਹਾਲਤ ਵਾਲੇ ਮਰੀਜ਼ਾਂ ਨੂੰ ਮੁਢਲੀ ਸਹਾਇਤਾ ਦੇ ਕੇ ਰੈਫ਼ਰ ਕਰਨ ਤੱਕ ਸੀਮਤ ਹੋ ਕੇ ਰਹਿ ਗਿਆ ਹੈ ਜਦੋਂ ਕਿ ਰਾਤ ਸਮੇਂ ਆਏ ਮਰੀਜ਼ਾਂ ਲਈ ਡਾਕਟਰ ਨਾ ਹੋਣ ਕਾਰਨ ਹਸਪਤਾਲ ਦੇ ਇੱਕ ਤਰ੍ਹਾਂ ਨਾਲ ਬੂਹੇ ਬੰਦ ਹਨ। ਸੰਯੁਕਤ ਸਮਾਜ ਮੋਰਚੇ ਦੇ ਆਗੂ ਸਰਬਜੀਤ ਸਿੰਘ ਅਲਾਲ ਨੇ ਮੰਗ ਕੀਤੀ ਕਿ ਐਮਰਜੈਂਸੀ ਸੇਵਾਵਾਂ ਤੁਰੰਤ ਚਾਲੂ ਕੀਤੀਆਂ ਜਾਣ ਤੇ ਡਾਕਟਰਾਂ ਦੀ ਘਾਟ ਤੁਰੰਤ ਪੂਰੀ ਕੀਤੀ ਜਾਵੇ।
ਡਾਕਟਰਾਂ ਦੀ ਘਾਟ ਕਾਰਨ ਸਮੱਸਿਆ ਆ ਰਹੀ ਹੈ: ਐੱਸਐੱਮਓ
ਐੱਸਐੱਮਓ ਕ੍ਰਿਪਾਲ ਸਿੰਘ ਨੇ ਸੰਪਰਕ ਕਰਨ ’ਤੇ ਸਿਹਤ ਅਮਲੇ ਦੀ ਘਾਟ ਨੂੰ ਸਵੀਕਾਰਿਆ ਅਤੇ ਕਿਹਾ ਕਿ ਜੇ ਅਸਾਮੀਆਂ ਪੁਰ ਹੋ ਜਾਣ ਤਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ।