ਬੀਰਬਲ ਰਿਸ਼ੀ
ਸ਼ੇਰਪੁਰ, 2 ਜੁਲਾਈ
ਸਾਢੇ ਪੰਜ ਕਰੋੜ ਦੀ ਲਾਗਤ ਨਾਲ ਤਿਆਰ ਸਰਕਾਰੀ ਹਸਪਤਾਲ ਸ਼ੇਰਪੁਰ ਦੀ ਇਮਾਰਤ ਦੇ ਬਾਵਜੂਦ ਡਾਕਟਰੀ ਅਮਲੇ ਦੀ ਵੱਡੀ ਘਾਟ ਕਾਰਨ ਇਹ ਹਸਪਤਾਲ ਖ਼ੁਦ ‘ਬਿਮਾਰ’ ਹੋਣ ਵਾਲੀ ਹਾਲਤ ਵਿੱਚ ਹੈ। ਇਲਾਕੇ ਦੇ ਲੋਕ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਫ਼ੈਸਲਿਆਂ ਤੋਂ ਹੈਰਾਨ ਤੇ ਪ੍ਰੇਸ਼ਾਨ ਹਨ ਕਿ ਐਸਐਮਓ ਦੀ ਖਾਲੀ ਅਸਾਮੀ ’ਤੇ ਬਦਲ ਕੇ ਭੇਜੀ ਐਸਐਮਓ ਬੀਬੀ ਦੀ ਆਖ਼ਰ ਕਿਹੜੀ ਮਜਬੂਰੀ ਸੀ ਜਿਸ ਕਾਰਨ ਉਸ ਦੇ ਹਾਜ਼ਰੀ ਪਾਉਣ ਤੋਂ ਪਹਿਲਾਂ ਹੀ ਮਾਲੇਰਕੋਟਲਾ ਬਦਲੀ ਕਰ ਦਿੱਤੀ ਗਈ।
ਸ਼ੇਰਪੁਰ ਦੇ ਸਰਪੰਚ ਰਣਜੀਤ ਸਿੰਘ ਧਾਲੀਵਾਲ ਅਤੇ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਦਰਸ਼ਨ ਸਿੰਘ ਸ਼ੇਰਪੁਰੀ ਨੇ ਦੱਸਿਆ ਕਿ ਸ਼ੇਰਪੁਰ ਹਸਪਤਾਲ ਦੇ ਐਸਐਮਓ ਤੋਂ ਇਲਾਵਾ ਮਾਹਿਰ ਡਾਕਟਰਾਂ ਦੀਆਂ 3, ਕਾਊਂਸਲਰ ਓਟ 1, ਲੈਬਾਰਟਰੀ ਟੈਕਨੀਸ਼ੀਅਨ 2, ਸਟਾਫ਼ ਨਰਸਾਂ 2, ਕੰਪਿਊਟਰ ਅਪਰੇਟਰ 1, ਅਪਰੇਸ਼ਨ ਥੀਏਟਰ ਅਸਿਸਟੈਂਟ 1, ਦਰਜਾ ਚਾਰ 6, ਟਰੇਂਡ ਦਾਈ 2, ਡਰਾਈਵਰ 3, ਚੌਕੀਦਾਰ 1, ਸਵੀਪਰ 1, ਸਵੀਪਰ-ਕਮ-ਚੌਕੀਦਾਰ 1 ਆਦਿ ਅਸਾਮੀਆਂ ਖਾਲੀ ਹਨ। ਉਨ੍ਹਾਂ ਕਿਹਾ ਕਿ ਅਮਲੇ ਦੀ ਘਾਟ ਕਾਰਨ ਲੋਕਾਂ ਵੱਲੋਂ ਤਿੱਖੇ ਸੰਘਰਸ਼ਾਂ ਨਾਲ ਪ੍ਰਾਪਤ ਐਮਰਜੈਂਸੀ ਸੇਵਾ ਦੀ ਸਹੂਲਤ ਵੀ ਬੰਦ ਹੋ ਚੁੱਕੀ ਹੈ। ਇਹ ਹਸਪਤਾਲ ਹੁਣ ਸ਼ੇਰਪੁਰ ਦਾ ਰੈਫਰ ਕੇਂਦਰ ਬਣ ਕੇ ਰਹਿ ਗਿਆ ਹੈ ਜਿੱਥੇ ਆਏ ਮਰੀਜ਼ ਨੂੰ ਪਰਚੀ ਬਣਾ ਕੇ ਅੱਗੇ ਰੈਫਰ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਦਾ ਚੰਗਾ ਕੰਮ ਚਲਾ ਰਹੇ ਐਸਐਮਓ ਨੂੰ ਇੱਥੋਂ ਬਦਲ ਕੇ ਧੂਰੀ ਹਸਪਤਾਲ ਭੇਜ ਦਿੱਤਾ ਗਿਆ ਅਤੇ ਨਵੇਂ ਐਸਐਮਓ ਨੇ ਇੱਥੇ ਹਾਜ਼ਰ ਹੋਣ ਤੋਂ ਪਹਿਲਾਂ ਹੀ ਬਦਲੀ ਕਰਵਾ ਲਈ। ਲੈਬ ਟੈਕਨੀਸ਼ੀਅਨ ਦੀਆਂ ਖਾਲੀ ਅਸਾਮੀਆਂ ਕਾਰਨ ਗਰਭਵਤੀਆਂ ਦੇ ਹੋਣ ਵਾਲੇ ਟੈਸਟਾਂ ਤੋਂ ਹੋਰ ਲੋਕਾਂ ਨੂੰ ਇਲਾਵਾ ਡੇਂਗੂ ਤੇ ਮਲੇਰੀਆ ਆਦਿ ਟੈਸਟ ਬਾਹਰਲੀਆਂ ਲੈਬਾਰਟਰੀਆਂ ਤੋਂ ਮਹਿੰਗੇ ਭਾਅ ’ਤੇ ਕਰਵਾਉਣੇ ਪੈ ਰਹੇ ਹਨ। ਡਰਾਈਵਰਾਂ ਦੀਆਂ ਖਾਲੀ ਅਸਾਮੀਆਂ ਕਾਰਨ ਹਸਪਤਾਲ ਦੀ ਐਂਬੂਲੈਂਸ ਇਮਾਰਤ ਦੇ ਪਿਛਲੇ ਪਾਸੇ ਕਬਾੜ ਦਾ ਰੂਪ ਧਾਰੀ ਖੜ੍ਹੀ ਹੈ।
ਐਕਸ਼ਨ ਕਮੇਟੀ ਦੀ ਮੀਟਿੰਗ ਅੱਜ
ਸ਼ੇਰਪੁਰ ਦੀਆਂ ਸਮੱਸਿਆਵਾਂ ਨੂੰ ਲੈ ਕੇ ਬਣੀ ਐਕਸ਼ਨ ਕਮੇਟੀ ਦੇ ਪ੍ਰਧਾਨ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਨੇ ਹਸਪਤਾਲ ਦੇ ਮੁੱਦੇ ਨੂੰ 3 ਜੁਲਾਈ ਦੀ ਮੀਟਿੰਗ ਵਿੱਚ ਪ੍ਰਮੁੱਖਤਾ ਨਾਲ ਵਿਚਾਰ ਕੇ ਅਗਲੀ ਰੂਪ-ਰੇਖਾ ਉਲੀਕਣ ਦਾ ਖੁਲਾਸਾ ਕੀਤਾ ਹੈ।
ਸ਼ੇਰਪੁਰ ਹਸਪਤਾਲ ਦਾ ਮਸਲਾ ਹੱਲ ਕਰਾਂਗੇ: ਸੀਐਮਓ
ਸੀਐਮਓ ਡਾਕਟਰ ਪਰਮਿੰਦਰ ਕੌਰ ਨੇ ਕਿਹਾ ਕਿ ਨੇੜਲੇ ਭਵਿੱਖ ਵਿੱਚ ਡਾਕਟਰ ਆਉਣ ’ਤੇ ਐਮਰਜੈਂਸੀ ਸੇਵਾਵਾਂ ਮੁੜ ਚਲਾਉਣ ਦੀ ਕੋਸ਼ਿਸ਼ ਕਰਾਂਗੇ ਅਤੇ ਗ਼ਰੀਬ ਲੋਕਾਂ ਦੇ ਟੈਸਟਾਂ ਦੇ ਮੱਦੇਨਜ਼ਰ ਫਤਿਹਗੜ੍ਹ ਪੰਜਰਾਈਆਂ ਤੋਂ ਲੈਬਾਰਟਰੀ ਟੈਕਨੀਸ਼ੀਅਨ ਨੂੰ ਤਿੰਨ ਦਿਨ ਲਈ ਇੱਥੇ ਲਗਾਇਆ ਜਾਵੇਗਾ। ਉਸ ਦਾ ਦੋ ਦਿਨ ਮਾਲੇਰਕੋਟਲਾ ਜਾਣਾ ਬੰਦ ਕਰ ਕੇ ਸ਼ੇਰਪੁਰ ਵਿੱਚ ਆਉਣਾ ਯਕੀਨੀ ਬਣਾਇਆ ਜਾਵੇਗਾ।