ਬੀਰਬਲ ਰਿਸ਼ੀ
ਸ਼ੇਰਪੁਰ, 23 ਨਵੰਬਰ
ਗੁਰਦੁਆਰਾ ਅਕਾਲ ਪ੍ਰਕਾਸ਼ ਵਿਖੇ ਅੱਜ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਲਗਾਏ ਗਏ ਸੁਵਿਧਾ ਕੈਂਪ ਵਿੱਚ ਵੱਡੀਆਂ ਉਮੀਦਾਂ ਲੈ ਕੇ ਆਪਣੇ ਕੰਮ ਧੰਦੇ ਆਏ ਕਈ ਬਜ਼ੁਰਗਾਂ ਦੇ ਕੰਮ ਨਾ ਹੋਣ ’ਤੇ ਉਨ੍ਹਾਂ ਨੂੰ ਨਿਰਾਸ਼ ਹੋ ਕੇ ਪਰਤਣਾ ਪਿਆ। ਸਵੇਰੇ 10 ਵਜੇ ਤੋਂ 2 ਵਜੇ ਤੱਕ ਚੱਲਣ ਵਾਲੇ ਇਸ ਕੈਂਪ ਵਿੱਚ ਪੁੱਜੇ ਕੁੱਲ 14 ਵਿਭਾਗਾਂ ਵਿੱਚੋਂ ਬੀਡੀਪੀਓ ਵਿਭਾਗ ਸਮੇਤ ਕੁਝ ਕੁ ਵਿਭਾਗਾਂ ਨੂੰ ਛੱਡ ਕੇ ਬਾਕੀ ਕਈ ਵਿਭਾਗਾਂ ਦਾ ਅਮਲਾ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਰਫੂ ਚੱਕਰ ਹੋ ਗਿਆ।
ਸਮਾਜ ਸੇਵਕ ਸਿੰਦਰਪਾਲ ਸ਼ਰਮਾ ਨੇ ਦੱਸਿਆ ਕਿ ਉਹ ਆਪਣੇ ਪਿੰਡ ਬੜੀ ਤੋਂ ਇੱਕ ਦਰਜ਼ਨ ਦੇ ਕਰੀਬ ਵਿਆਕਤੀਆਂ ਨੂੰ ਬੁਢਾਪਾ ਪੈਨਸ਼ਨ, ਨੀਲੇ ਕਾਰਡ, ਬਿਜਲੀ ਬਿੱਲਾਂ ਸਮੇਤ ਹੋਰ ਕੰਮਾਂ ਲਈ ਲੈ ਕੇ ਆਇਆ ਸੀ ਪਰ ਇੱਕਾ-ਦੁੱਕਾ ਨੂੰ ਛੱਡ ਕੇ ਬਾਕੀ ਸਭ ਸਰਕਾਰੀ ਵਰਤਾਰੇ ਨੂੰ ਕੋਸ ਕੇ ਵਾਪਸ ਮੁੜ ਗਏ। 80 ਸਾਲਾ ਬਜ਼ੁਰਗ ਮਹਿੰਦਰ ਸਿੰਘ ਹੇੜੀਕੇ ਨੇ ਦੱਸਿਆ ਕਿ ਉਹ ਆਪਣੇ ਭਰਾ ਨਾਲ ਕੈਂਪ ਵਿੱਚ ਆਇਆ ਹੈ ਪਰ ਪੈਨਸ਼ਨ ਸਬੰਧੀ ਕੰਮ ਨਹੀਂ ਹੋਇਆ। ਪਿੰਡ ਟਿੱਬਾ ਦੀ ਪਰਮਜੀਤ ਕੌਰ ਨੇ ਦੱਸਿਆ ਕਿ ਨੀਲੇ ਕਾਰਡ ਲਈ ਆਈ ਸੀ ਪਰ ਇੱਥੇ ਪਟਵਾਰੀ ਹੀ ਨਹੀਂ ਮਿਲ ਰਿਹਾ ਜਿਸ ਕਰਕੇ ਵਾਪਸ ਜਾ ਰਹੀ ਹਾਂ। ਪਿੰਡ ਕਲੇਰਾਂ ਤੋਂ ਪੁੱਜੇ ਦੋ ਵਿਅਕਤੀਆਂ ਨੇ ਦੱਸਿਆ ਕਿ ਪਟਵਾਰੀ ਦਸਤਖਤ ਕਰਨ ਤੋਂ ਇਹ ਕਹਿ ਕੇ ਇਨਕਾਰ ਕਰ ਰਿਹਾ ਹੈ ਕਿ ਉਸ ਕੋਲ ਰਿਕਾਰਡ ਮੌਜੂਦ ਨਹੀਂ ਹੈ ਉਂਜ ਰੌਲਾ ਰੱਪਾ ਪੈਣ ਮਗਰੋਂ ਉਨ੍ਹਾਂ ਦੇ ਫਾਰਮਾਂ ’ਤੇ ਪਟਵਾਰੀ ਦੇ ਦਸਤਖ਼ਤ ਹੋਏ। ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਜਨਰਲ ਸਕੱਤਰ ਪਰਮਜੀਤ ਕੌਰ ਖੇੜੀ ਅਤੇ ਬਲਾਕ ਆਗੂ ਪਰਮਜੀਤ ਕੌਰ ਰੂੜਗੜ੍ਹ ਨੇ ਕੈਂਪ ਵਿੱਚ ਲਾਭਪਾਤਰੀ, ਜਾਤੀ ਸਰਟੀਫਿਕੇਟ ਸਬੰਧੀ ਕਈ ਤਰਾਂ ਦੇ ਫਾਰਮ ਨਾਲ ਮਿਲਣ ਦੇ ਦੋਸ਼ ਲਗਾਏ।
ਸਮਾਗ਼ਮ ਦੇ ਖਤਮ ਹੋਣ ਦੇ ਨਿਰਧਾਰਤ ਸਮੇਂ ਤੋਂ ਪਹਿਲਾਂ ਕਈ ਵਿਭਾਗ ਜਾਣ ਕਾਰਨ ਲੋਕਾਂ ਨੂੰ ਖੱਜਲ-ਖੁਆਰੀ ਝੱਲਣੀ ਪਈ ਅਤੇ ਕੁਝ ਲੋਕਾਂ ਦੇ ਫਾਰਮ ਬੀਡੀਪੀਓ ਜੁਗਰਾਜ ਸਿੰਘ ਅਤੇ ਨਾਇਬ ਤਹਿਸੀਲਦਾਰ ਨਵਜੋਤ ਤਿਵਾੜੀ ਨੇ ਫੜ ਕੇ ਖੁਦ ਮਹਿਕਮੇ ਕੋਲ ਪੁੱਜਦੇ ਕਰਨ ਦਾ ਭਰੋਸਾ ਦੇ ਕੇ ਲੋਕਾਂ ਨੂੰ ਸ਼ਾਂਤ ਕੀਤਾ। ਉਧਰ ਕੈਂਪ ਦੇ ਪ੍ਰਬੰਧਕਾਂ ਦਾ ਦਾਅਵਾ ਸੀ ਕਿ ਜਿੰਨਾ ਵਧੀਆ ਇਹ ਕੈਂਪ ਲੱਗਿਆ ਹੈ ਉਨ੍ਹਾਂ ਵਧੀਆ ਅੱਜ ਤੱਕ ਕੋਈ ਕੈਂਪ ਹੀ ਨਹੀਂ ਲੱਗਿਆ।
ਐਸਡੀਐਮ ਧੂਰੀ ਨੇ ਦੋਸ਼ਾਂ ਨੂੰ ਝੂਠੇ ਤੇ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਉਹ ਸਵੇਰ ਸਮੇਂ ਖੁਦ ਕੈਂਪ ਵਿੱਚ ਆਏ ਸਨ ਤੇ ਸਾਰਾ ਕੰਮ ਸੁਚਾਰੂ ਢੰਗ ਨਾਲ ਚੱਲ ਰਿਹਾ ਸੀ, ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਈ।