ਬੀਰਬਲ ਰਿਸ਼ੀ
ਸ਼ੇਰਪੁਰ, 15 ਸਤੰਬਰ
ਸੁਵੱਖ਼ਤੇ ਤਿੰਨ ਵਜੇ ਹੀ ਸੁਵਿਧਾ ਕੇਂਦਰ ਸ਼ੇਰਪੁਰ ਅੱਗੇ ਲਾਈਨਾਂ ਲਗਾਏ ਜਾਣ ਦੇ ਬਾਵਜੂਦ 38 ਪਿੰਡਾਂ ਦੇ ਮਹਿਜ਼ 20 ਵਿਆਕਤੀਆਂ ਨੂੰ ਟੋਕਨ ਦੇ ਕੇ ਕੰਮ ਕਰਨ ਦਾ ਮਾਮਲਾ ਉਸ ਸਮੇਂ ਭਖ਼ ਗਿਆ ਜਦੋਂ ਲੋਕ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਅਲਾਲ, ਬੀਕੇਯੂ ਡਕੌਂਦਾ ਦੇ ਬਲਾਕ ਆਗੂ ਬਲਵੰਤ ਸਿੰਘ ਛੰਨਾਂ ਅਤੇ ਨਰਿੰਦਰਪਾਲ ਛੰਨਾਂ ਹੁਰਾਂ ਨੇ ਸੁਵਿਧਾ ਕੇਂਦਰ ਦੇ ਮੁਲਾਜ਼ਮਾਂ ’ਤੇ ਕਈ ਤਰ੍ਹਾਂ ਦੇ ਗੰਭੀਰ ਦੋਸ਼ ਲਾਏ।
ਕਿਸਾਨ ਆਗੂਆਂ ਨੇ ਦੱਸਿਆ ਕਿ ਆਪਣੇ ਕੰਮ ਧੰਦੇ ਕਰਵਾਉਣ ਲਈ ਸਵੇਰੇ ਤਿੰਨ ਵਜੇ ਤੋਂ ਲੋਕ ਸੁਵਿਧਾ ਕੇਂਦਰ ਸ਼ੇਰਪੁਰ ਅੱਗੇ ਆਉਣੇ ਸ਼ੁਰੂ ਹੋ ਜਾਂਦੇ ਹਨ ਪਰ ਹੈਰਾਨੀਜਨਕ ਹੈ ਕਿ 38 ਪਿੰਡਾਂ ਦੇ ਇੱਕੋ-ਇੱਕ ਇਸ ਸੁਵਿਧਾ ਕੇਂਦਰ ਵਿੱਚ ਮਹਿਜ਼ ਲੋਕਾਂ ਨੂੰ ਵੀਹ ਟੋਕਨ ਦਿੱਤੇ ਜਾਂਦੇ ਹਨ। ਜਦੋਂਕਿ ਇਸਦੇ ਉਲਟ ਲੁਕਵੇਂ ਰੂਪ ਵਿੱਚ ਏਜੰਟਾਂ ਰਾਹੀਂ ਰੋਜ਼ਾਨਾ ਘੱਟੋ-ਘੱਟ ਇੱਕ ਸੌ ਬੰਦੇ ਦਾ ਕੰਮ ਨੇਪਰੇ ਚੜ੍ਹਾਏ ਜਾਣ ਦਾ ਉਨ੍ਹਾਂ ਦਾਅਵਾ ਕੀਤਾ।
ਇਨ੍ਹਾਂ ਆਗੂਆਂ ਨੇ ਖੁਲਾਸਾ ਕਰਦਿਆਂ ਕਿਹਾ ਕਿ ਅਸਲ ਵਿੱਚ ਸੁਵਿਧਾ ਕੇਂਦਰ ਵਾਲਿਆਂ ਦੇ ਕੁਝ ਪੱਕੇ ਏਜੰਟ ਹਨ ਜਿਨ੍ਹਾਂ ਰਾਹੀਂ ਆਏ ਵਿਅਕਤੀਆਂ ਦੇ ਕੰਮ ਤਰਜ਼ੀਹੀ ਹੁੰਦੇ ਹਨ। ਆਗੂਆਂ ਨੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦੇ ਦਾਅਵੇ ਅਤੇ ਵਾਅਦੇ ਕਰਦੀ ਕਾਂਗਰਸ ਸਰਕਾਰ ’ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਵਿਜੀਲੈਂਸ ਵਿਭਾਗ ਸ਼ਰ੍ਹੇਆਮ ਲੋਕਾਂ ਦੀ ਹੋ ਰਹੀ ਲੁੱਟ ’ਤੇ ਆਖਿਰ ਕਿਉਂ ਮੂਕ ਦਰਸ਼ਕ ਬਣਿਆ ਹੋਇਆ ਹੈ? ਆਗੂਆਂ ਨੇ ਕਿਹਾ ਕਿ ਜੇ ਸੁਵਿਧਾ ਕੇਂਦਰ ਦੇ ਕਰਿੰਦਿਆਂ ਨੇ 21 ਸਤੰਬਰ ਤੱਕ ਸੁਧਾਰ ਨਾ ਕੀਤਾ ਤਾਂ ਕਿਸਾਨ 23 ਸਤੰਬਰ ਤੋਂ ਪੱਕੇ ਧਰਨੇ ’ਤੇ ਡਟ ਜਾਣਗੇ।
ਸੁਵਿਧਾ ਕੇਂਦਰ ਦੇ ਇੰਚਾਰਜ ਨੇ ਦੋਸ਼ ਨਕਾਰੇ
ਸੁਵਿਧਾ ਕੇਂਦਰ ਦੇ ਇੰਚਾਰਜ ਰਵਿੰਦਰ ਕੁਮਾਰ ਨੇ ਦੋਸ਼ਾਂ ਨੂੰ ਕੋਰਾ ਝੂਠ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਥੇ ਤਿੰਨ ਕਾਉਂਟਰ ਚੱਲਦੇ ਹਨ ਜਿਨ੍ਹਾਂ ’ਤੇ ਪ੍ਰਤੀ ਕਾਉਂਟਰ 20 ਟੋਕਨ ਦੇ ਕੇ ਕੁੱਲ 60 ਟੋਕਨ ਦਿੱਤੇ ਜਾਂਦੇ ਹਨ। ਤਹਿਸੀਲਦਾਰ ਵੱਲੋਂ ਹਲਫ਼ੀਆ ਬਿਆਨ ਅਟੈਸ਼ਟਿਡ ਕਰਨ ਤੇ ਭਾਰ ਰਹਿਤ ਵਾਲਿਆਂ ਨੂੰ ਜ਼ਰੂਰ ਬਿਨਾਂ ਟੋਕਨ ਕੰਮ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਹ ਪੌਣੇ ਨੌਂ ਵਜੇ ਆਉਂਦੇ ਹਨ ਅਤੇ ਕਿਸੇ ਨੂੰ ਵੀ ਕਦੇ ਸਵੇਰੇ ਤਿੰਨ ਵਜੇ ਆਉਣ ਲਈ ਨਹੀਂ ਕਿਹਾ।