ਨਿਜੀ ਪੱਤਰ ਪ੍ਰੇਰਕ
ਸੰਗਰੂਰ, 16 ਜੂਨ
ਸ਼ਹੀਦ ਬੇਅੰਤ ਸਿੰਘ ਖਾਲਸਾ ਦੇ ਸਪੁੱਤਰ ਸਰਵਜੀਤ ਸਿੰਘ ਖਾਲਸਾ ਨੇ ਸੰਗਰੂਰ ਪੁੱਜ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਦੀ ਹਮਾਇਤ ਦਾ ਐਲਾਨ ਕੀਤਾ। ਇਥੇ ਸਿਮਰਨਜੀਤ ਸਿੰਘ ਮਾਨ ਦੇ ਚੋਣ ਦਫ਼ਤਰ ਪੁੱਜੇ ਸਰਵਜੀਤ ਸਿੰਘ ਖਾਲਸਾ ਨੂੰ ਦਫ਼ਤਰ ਇੰਚਾਰਜ ਗੁਰਸੇਵਕ ਸਿੰਘ ਜਵਾਹਰਕੇ ਵਲੋਂ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਰਵਜੀਤ ਸਿੰਘ ਖਾਲਸਾ ਨੇ ਦੋਸ਼ ਲਾਇਆ ਕਿ ਸ੍ਰੋਮਣੀ ਅਕਾਲੀ ਦਲ ਆਪਣੀ ਡੁੱਬਦੀ ਬੇੜੀ ਬਚਾਉਣ ਲਈ ਬੰਦੀ ਸਿੰਘਾਂ ਦਾ ਸਹਾਰਾ ਲੈ ਰਿਹਾ ਹੈ ਪ੍ਰੰਤੂ ਸਿੱਖ ਕੌਮ ਅਜਿਹੀਆਂ ਸਿਆਸੀ ਚਾਲਾਂ ਨੂੰ ਭਲੀ ਭਾਂਤ ਸਮਝਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸੰਸਦ ਮੈਂਬਰ ਦੀ ਚੋਣ ਜਿੱਤ ਕੇ ਬੰਦੀ ਸਿੰਘਾਂ ਦੀ ਰਿਹਾਈ ਕਰਵਾਈ ਜਾ ਸਕਦੀ ਹੈ ਤਾਂ ਫ਼ਿਰ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਸੰਸਦ ਮੈਂਬਰ ਹੋਣ ਦੇ ਬਾਵਜੂਦ ਬੰਦੀ ਸਿੰਘਾਂ ਦੀ ਰਿਹਾਈ ਕਿਉਂ ਨਹੀਂ ਕਰਵਾ ਸਕੇ। ਉਨ੍ਹਾਂ ਕਿਹਾ ਕਿ ਸੱਤਾ ’ਚ ਭਾਈਵਾਲ ਹੁੰਦਿਆਂ ਸ੍ਰੋਮਣੀ ਅਕਾਲੀ ਦਲ ਨੂੰ ਪਹਿਲਾਂ ਬੰਦੀ ਸਿੰਘਾਂ ਦੀ ਰਿਹਾਈ ਕਿਉਂ ਯਾਦ ਨਾ ਆਈ। ਉਨ੍ਹਾਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਹੀ ਬੰਦੀ ਸਿੰਘਾਂ ਅਤੇ ਪੰਜਾਬ ਦੇ ਮੁੱਦੇ ਦੇਸ਼ ਦੀ ਸੰਸਦ ਵਿਚ ਵਧੀਆ ਢੰਗ ਨਾਲ ਉਠਾ ਸਕਦੇ ਹਨ । ਉਨ੍ਹਾਂ ਹਰ ਧਰਮ ਜਾਤ ਤੋਂ ਉਪਰ ਉਠ ਕੇ ਸੰਗਰੂਰ ਦੇ ਲੋਕਾਂ ਨੂੰ ਸਿਮਰਨਜੀਤ ਸਿੰਘ ਮਾਨ ਨੂੰ ਮੌਕਾ ਜ਼ਰੂਰ ਦੇਣਾ ਚਾਹੀਦਾ ਹੈ।