ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 12 ਜੁਲਾਈ
ਇਥੇ ਬਾਲਦ ਕੈਂਚੀਆਂ ’ਚ ਨਾਭਾ ਰੋਡ ’ਤੇ ਪਾਣੀ ਖੜ੍ਹਨ ਕਾਰਨ ਤੰਗ ਆਏ ਦੁਕਾਨਦਾਰਾਂ ਤੇ ਲੋਕਾਂ ਨੇ ਜਾਮ ਲਾ ਦਿੱਤਾ। ਇਸ ਮੌਕੇ ਸੰਬੋਧਨ ਕਰਦਿਆਂ ਸ਼੍ਰੋਮਣੀ ਕਮੇਟੀ ਮੈਂਬਰ ਨਿਰਮਲ ਸਿੰਘ ਭੜੋ, ਆਪ ਆਗੂ ਨਰਿੰਦਰ ਕੌਰ ਭਰਾਜ, ਧਰਮਪਾਲ ਸਿੰਘ, ਭਰਪੂਰ ਸਿੰਘ, ਜਸਵਿੰਦਰ ਸਿੰਘ ਚੋਪੜਾ ਨੇ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਹਮੇਸ਼ਾ ਵਿਕਾਸ ਦੇ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪਰ ਨਾਲ ਹੀ ਵਿਕਾਸ ਦੇ ਦਾਅਵਿਆਂ ਦੀ ਪੋਲ ਖੁੱਲ੍ਹਦੀ ਨਜ਼ਰ ਆ ਰਹੀ ਹੈ। ਖੜ੍ਹੇ ਪਾਣੀ ’ਚ ਵਹੀਕਲ ਬੰਦ ਹੋਣ ਕਾਰਨ ਲੋਕ ਪ੍ਰੇਸ਼ਾਨ ਹੁੰਦੇ ਰਹੇ। ਟੌਲ ਰੋਡ ਹੋਣ ਕਾਰਨ ਇਸਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਟੌਲ ਪਲਾਜ਼ਾ ਵਾਲਿਆਂ ਦੀ ਬਣਦੀ ਹੈ।
ਲੋਕਾਂ ਦੇ ਖੱਡਿਆਂ ’ਚ ਡਿੱਗਣ ਕਾਰਨ ਸੱਟਾਂ ਲੱਗਦੀਆਂ ਹਨ। ਦੁਕਾਨਦਾਰਾਂ ਦੇ ਕਾਰੋਬਾਰ ਠੱਪ ਹੋ ਗਏ ਹਨ। ਭੜੋ ਨੇ ਦੋਸ਼ ਲਗਾਇਆ ਕਿ ਟੌਲ ਵਾਲੇ ਕਹਿੰਦੇ ਹਨ ਕਿ ਇਹ ਸਾਡੇ ਅਧਿਕਾਰ ਖੇਤਰ ’ਚ ਨਹੀਂ ਆਉਂਦਾ। ਦੁਕਾਨਦਾਰਾਂ ਦੇ ਕੰਮਕਾਰ ਲੌਕਡਾਊਨ ਕਾਰਨ ਠੱਪ ਪਏ ਹਨ। ਇੱਥੇ ਮੀਂਹ ਦਾ ਪਾਣੀ ਖੜ੍ਹਨ ਕਾਰਨ ਦੁਕਾਨਦਾਰੀ ਪ੍ਰਭਾਵਿਤ ਹੋਵੇਗੀ। ਬੀਬਾ ਭਰਾਜ ਨੇ ਕਿਹਾ ਕਿ 2 ਬਰਸਾਤਾਂ ਨੇ ਹੀ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦੇ ਵਿਕਾਸ ਦੀ ਪੋਲ ਖੋਲ੍ਹ ਦਿੱਤੀ ਹੈ। ਕਾਂਗਰਸ ਸਰਕਾਰ ਦੇ ਵਿਕਾਸ ਦੇ ਦਾਅਵੇ ਸਭ ਖੋਖਲੇ ਦਿਖਾਈ ਦੇ ਰਹੇ ਹਨ। ਪਾਣੀ ਖੜ੍ਹਨ ਕਾਰਨ ਸੜਕ ਤੇ ਵੱਡੇ ਵੱਡੇ ਖੱਡੇ ਪੈ ਗਏ ਹਨ ਜਿਸ ਕਾਰਨ ਰਾਹਗੀਰ ਡਿੱਗ ਜਾਂਦੇ ਹਨ, ਟੌਲ ਪਲਾਜ਼ਾ ਦੇ ਅਧਿਕਾਰੀਆਂ ਨੂੰ ਇਹ ਖੱਡੇ ਦਿਖਾਈ ਨਹੀਂ ਦਿੰਦੇ। ਟੌਲ ਦੇ ਇਕ ਕਰਮਚਾਰੀ ਵੱਲੋਂ ਲੋਕਾਂ ਨੂੰ ਕਿਹਾ ਗਿਆ ਕਿ ਪਾਣੀ ਦੇ ਨਿਕਾਸ ਦਾ ਪ੍ਰਬੰਧ ਕੀਤਾ ਜਾਵੇਗਾ ਜਿਸ ਦੌਰਾਨ ਰੋਸ ਪ੍ਰਦਰਸ਼ਨ ਕਰਨ ਵਾਲਿਆਂ ਨੇ ਟੌਲ ਕਰਮਚਾਰੀ ਨੂੰ ਚਿਤਾਵਨੀ ਦਿੱਤੀ ਜੇ ਪਾਣੀ ਦਾ ਸਹੀ ਪ੍ਰਬੰਧ ਨਾ ਕੀਤਾ ਗਿਆ ਤਾਂ ਉਹ ਟੌਲ ਪਲਾਜ਼ਾ ’ਤੇ ਜਾਮ ਲਗਾਉਣਗੇ। ਟੌਲ ਕਰਮਚਾਰੀਆਂ ਵੱਲੋਂ ਭਰੋਸਾ ਦੇਣ ਮਗਰੋਂ ਜਾਮ ਖੋਲ੍ਹਿਆ ਗਿਆ।
ਇਸ ਮੌਕੇ ਜਰਨੈਲ ਸਿੰਘ, ਤੇਲੂ ਰਾਮ, ਜੱਗਾ ਸਿੰਘ, ਡਾ. ਪ੍ਰਿਥੀ, ਜੰਗੂ ਰਾਮ, ਰਣਜੀਤ ਸਿੰਘ, ਸੁਖਵਿੰਦਰ ਸਿੰਘ, ਪਵਨ ਕੁਮਾਰ ਸ਼ਰਮਾ, ਤੇਜਾ ਸਿੰਘ, ਭਰਪੂਰ ਸਿੰਘ ਜੌਲੀਆਂ ਤੇ ਅਵਤਾਰ ਸਿੰਘ ਬੱਬੀ ਹਾਜ਼ਰ ਸਨ।