ਪੱਤਰ ਪ੍ਰੇਰਕ
ਮੂਨਕ, 25 ਅਪਰੈਲ
ਇੱਕ ਘੋੜੇ ਟਰਾਲੇ ਵੱਲੋਂ ਸਕੂਟਰੀ ਸਵਾਰ ਇਕਲੌਤੇ ਪੁੱਤਰ ਤੇ ਭੂਆ ਦੀ ਇਕਲੌਤੀ ਧੀ ਨੂੰ ਬੁਰੀ ਤਰ੍ਹਾਂ ਕੁਚਲ ਦੇਣ ਕਾਰਣ ਦੋਵਾਂ ਦੀ ਮੌਕੇ ’ਤੇ ਮੌਤ ਹੋ ਗਈ। ਡਰਾਈਵਰ ਟਰਾਲਾ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ।
ਮ੍ਰਿਤਕ ਪਰਵਿੰਦਰ ਸਿੰਘ ਦੇ ਪਿਤਾ ਨਾਹਰ ਸਿੰਘ ਵਾਸੀ ਭੂਟਾਲ ਕਲਾਂ ਵੱਲੋਂ ਪੁਲੀਸ ਕੋਲ ਲਿਖਵਾਈ ਰਿਪੋਰਟ ਅਨੁਸਾਰ ਪਰਵਿੰਦਰ ਸਿੰਘ (19) ਵਾਸੀ ਭੂਟਾਲ ਕਲਾਂ ਆਪਣੀ ਭੂਆ ਦੀ ਲੜਕੀ ਜਸ਼ਨਪ੍ਰੀਤ ਕੌਰ (20) ਪੁੱਤਰੀ ਹਰੀ ਚੰਦ ਵਾਸੀ ਚੱਠਾ ਗੋਬਿੰਦਪੁਰਾ ਨੂੰ ਸਕੂਟਰੀ ’ਤੇ ਬਿਠਾ ਕੇ ਆਪਣੇ ਪਿੰਡ ਜਾ ਰਿਹਾ ਸੀ। ਜਦੋਂ ਉਹ ਮੰਡਵੀ ਰੋਡ ’ਤੇ ਹਮੀਰਗੜ੍ਹ ਕੋਲ ਪਹੁੰਚੇ ਤਾਂ ਹਮੀਰਗੜ੍ਹ ਵੱਲੋਂ ਅਣਗਹਿਲੀ ਨਾਲ ਆ ਰਹੇ ਟਰਾਲੇ ਦੇ ਡਰਾਈਵਰ ਨੇ ਦੋਵੇਂ ਸਕੂਟਰੀ ਸਵਾਰਾਂ ਨੂੰ ਆਪਣੀ ਚਪੇਟ ’ਚ ਲੈ ਕੇ ਬੁਰੀ ਤਰ੍ਹਾਂ ਕੁਚਲ ਦਿੱਤਾ। ਲੜਕੇ ਦੀ ਗਰਦਨ ਬੁਰੀ ਤਰ੍ਹਾਂ ਕੁਚਲ ਦਿੱਤੀ ਅਤੇ ਲੜਕੀ ਦਾ ਸ਼ਰੀਰ ਟਾਇਰ ਨਾਲ਼ ਲਿਪਟ ਜਾਣ ਕਾਰਨ ਸਾਰਾ ਸ਼ਰੀਰ ਬੁਰੀ ਤਰ੍ਹਾਂ ਕੁਚਲਿਆ ਗਿਆ। ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੱਸਣਯੋਗ ਹੈ ਕਿ ਲੜਕੀ ਜਸ਼ਨਪ੍ਰੀਤ ਕੌਰ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਜੋ ਆਪਣੀ ਅਪਾਹਜ ਮਾਂ ਦੀ ਇਕਲੌਤੀ ਧੀ ਸੀ। ਥਾਣਾ ਮੁਖੀ ਗੁਰਮੀਤ ਸਿੰਘ ਨੇ ਦੱਸਿਆ ਬਿਆਨਾਂ ਦੇ ਆਧਾਰ ’ਤੇ ਟਰਾਲੇ ਦੇ ਡਰਾਈਵਰ ਵਿਰੁੱਧ 279, 304 ਏ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਰਾਰ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।