ਪੱਤਰ ਪ੍ਰੇਰਕ
ਲਹਿਰਾਗਾਗਾ, 30 ਦਸੰਬਰ
ਪਿੰਡ ਸੇਖੂਵਾਸ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਇਕਾਈ ਦੇ ਪ੍ਰਧਾਨ ਬਿੰਦਰ ਸਿੰਘ ਤੇ ਜੱਸੀ ਸਿੰਘ ਦੀ ਅਗਵਾਈ ’ਚ ਲੋਕਾਂ ਨੇ ਕਾਂਗਰਸ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਦਾ ਘਿਰਾਓ ਕਰਕੇ ਉਨ੍ਹਾਂ ਨੂੰ ਸਵਾਲਾਂ ਦੇ ਜਵਾਬ ਦੇਣ ਲਈ ਮਜ਼ਬੂਰ ਕੀਤਾ। ਕਿਸਾਨਾਂ ਨੇ ਘਰ ਘਰ ਨੌਕਰੀ, 5-5 ਮਰਲੇ ਦੇ ਪਲਾਟ, ਰੇਤਾ, ਕਰਜ਼ਾ ਮੁਆਫ ਕਰਨ, ਨਰਮੇ ਦਾ ਮੁਆਵਜ਼ਾ ਨਾ ਦੇਣ, ਅਧਿਆਪਕਾਂ ’ਤੇ ਡਾਗ ਵਰਾਉਣ ਵਾਲੇ ਪੁਲੀਸ ਖ਼ਿਲਾਫ਼ ਕਾਰਵਾਈ ਨਾ ਕਰਨ, ਚੰਨੀ ਦੀ ਨੀਤੀ ਮੋਦੀ ਵਾਂਗ, ਪਿੰਡ ਦੇ ਕਾਂਗਰਸੀ ਸਰਪੰਚ ਵੱਲੋਂ ਮਸਲੇ ਨਬਿੇੜਨ ਦੀ ਥਾਂ ਪੈਸੇ ਲੈਣ ਦੇ ਦੋਸ਼, ਚੋਣ ਮੈਨੀਫੈਸਟੋ ’ਚ ਦਰਜ ਵਾਅਦੇ ਅਧੂਰੇ ਬਾਰੇ ਖੁੱਲ੍ਹ ਕੇ ਸਵਾਲ ਕੀਤੇ। ਬੀਬੀ ਭੱਠਲ ਨੇ ਮੰਨਿਆ ਕਿ ਚਾਹੇ ਕੈਪਟਨ ਸਰਕਾਰ ਨੇ ਵਾਅਦੇ ਪੂਰੇ ਕਰਨ ’ਚ ਅਣਗਹਿਲੀ ਕੀਤੀ ਪਰ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ’ਚ ਦਿਨ ਰਾਤ ਸਰਕਾਰ ਫੈਸਲੇ ਲੈੈ ਰਹੀ ਹੈ। ਬਾਬਾ ਨਾਨਕ ਵੀ ਸਭ ਨੂੰ ਖੁਸ਼ ਨਹੀਂ ਕਰ ਸਕਦਾ ਪਰ ਮੁੱਖ ਮੰਤਰੀ ਵੱਲੋਂ ਲਏ ਫੈਸਲੇ ਲਾਗੂ ਜ਼ਰੂਰ ਹੋਣਗੇ। ਉਨ੍ਹਾਂ ਪਿੰਡ ਵਾਸੀਆਂ ਨੂੰ ਸਪਸ਼ਟ ਜਵਾਬ ਦੇਣ ਦੀ ਥਾਂ ਚੈਲੇਂਜ ਕੀਤਾ ਕਿ ਪੰਜਾਬ ਸਰਕਾਰ ਨੇ ਸਭ ਤੋਂ ਪਹਿਲਾਂ ਕਾਲੇ ਖੇਤੀ ਕਾਨੂੰਨ ਰੱਦ ਕਰਨ ਦਾ ਮਤਾ ਪਾਇਆ ਤੇ ਅਰਵਿੰਦ ਕੇਜਰੀਵਾਲ ਪੰਜਾਬ ’ਚ ਕੁਝ ਹੋਰ ਬੋਲਦਾ ਹੈ ਜਦੋਂਕਿ ਦਿੱਲੀ ਸਰਕਾਰ ਨੇ ਅੱਜ ਤੱਕ ਮਤਾ ਨਹੀਂ ਪਾਇਆ। ਪਿੰਡ ਵਾਸੀਆਂ ਨੇ ਕੇਜਰੀਵਾਲ ਦੀ ਪਾਰਟੀ ਨੂੰ ਪਿੰਡ ਅੰਦਰ ਨਾ ਵੜਨ ਦੇਣ ਬਾਰੇ ਸਪਸ਼ਟ ਕਿਹਾ।
ਬੀਬੀ ਨੇ ਕਿਹਾ ਕਿ ਢੀਂਡਸਾ ਦੇ ਆਜ਼ਾਦ ਲੜਣ ’ਤੇ ਉਨ੍ਹਾਂ ਨੂੰ ਕੋਈ ਇਤਰਾਜ ਨਹੀਂ ਹੈ।