ਹਰਦੀਪ ਸਿੰਘ ਸੋਢੀ
ਧੂਰੀ, 15 ਸਤੰਬਰ
ਸਥਾਨਕ ਖੰਡ ਮਿੱਲ ਨੂੰ ਵੇਚੇ ਗਏ ਗੰਨੇ ਦੀ ਅਦਾਇਗੀ ਲਈ ਗੰਨਾ ਕਾਸ਼ਤਕਾਰ ਸੰਘਰਸ਼ ਕਮੇਟੀ ਧੂਰੀ ਵੱਲੋਂ ਕਨਵੀਨਰ ਹਰਜੀਤ ਸਿੰਘ ਬੁਗਰਾ ਦੀ ਅਗਵਾਈ ਹੇਠ ਸਥਾਨਕ ਦਾਣਾ ਮੰਡੀ ਵਿਖੇ ਮੀਟਿੰਗ ਕਰਨ ਉਪਰੰਤ ਖੰਡ ਮਿੱਲ ਦਾ ਗੇਟ ਘੇਰਦਿਆਂ ਧਰਨਾ ਸ਼ੁਰੂ ਕਰ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਖੰਡ ਮਿੱਲ ਪ੍ਰਸ਼ਾਸਨ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹਰਜੀਤ ਸਿੰਘ ਬੁਗਰਾ ਨੇ ਕਿਹਾ ਕਿ ਖੰਡ ਮਿੱਲ ਧੂਰੀ ਨਾਲ ਪ੍ਰਸ਼ਾਸਨ ਵੱਲੋਂ ਕਈ ਵਾਰ ਸਮਝੌਤਾ ਕਰਵਾਇਆ ਗਿਆ ਹੈ, ਪਰ ਖੰਡ ਮਿੱਲ ਕਿਸੇ ਵੀ ਵਾਅਦੇ ’ਤੇ ਪੂਰਾ ਨਹੀਂ ਉਤਰ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਇੱਕ ਪਾਸੇ ਤਾਂ ਨਵੇਂ ਖੇਤੀ ਕਾਨੂੰਨਾਂ ਦੀ ਆੜ ਹੇਠ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਆਖ ਰਹੀ ਹੈ, ਪਰ ਦੂਜੇ ਪਾਸੇ ਜਦੋਂ ਖੰਡ ਮਿੱਲ ਹੀ ਕਿਸਾਨਾਂ ਦੇ ਵੇਚੇ ਗੰਨੇ ਦੀ ਅਦਾਇਗੀ ਨਹੀਂ ਕਰ ਰਹੀ ਤਾਂ ਵੱਡੀਆਂ ਕੰਪਨੀਆਂ ਤੋਂ ਅਦਾਇਗੀ ਦੀ ਆਸ ਕਿਵੇਂ ਲਗਾ ਸਕਦੇ ਹਾਂ। ਉਨ੍ਹਾਂ ਚੇਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਗੰਨਾ ਕਾਸ਼ਤਕਾਰਾਂ ਦੇ ਸਬਰ ਦਾ ਪਿਆਲਾ ਹੁਣ ਭਰ ਚੁੱਕਾ ਹੈ ਹੁਣ ਗੰਨਾ ਕਾਸ਼ਤਕਾਰਾਂ ਵੱਲੋਂ ਆਰ-ਪਾਰ ਦੀ ਲੜਾਈ ਲੜੀ ਜਾਵੇਗੀ ਅਤੇ ਜਿੰਨੀ ਦੇਰ ਤੱਕ ਖੰਡ ਮਿੱਲ ਮਾਲਕ ਅਦਾਇਗੀ ਨਹੀਂ ਕਰਨਗੇ, ਇਹ ਘਿਰਾਓ ਅਣਮਿੱਥੇ ਸਮੇਂ ਲਈ ਜਾਰੀ ਰਹੇਗਾ। ਇਸ ਮੌਕੇ ਅਵਤਾਰ ਸਿੰਘ ਤਾਰੀ ਭੁੱਲਰਹੇੜੀ, ਹਰਬੰਸ ਸਿੰਘ ਚੌਂਦਾ, ਅਜੀਤ ਸਿੰਘ ਸਾਬਕਾ ਸਰਪੰਚ ਭੁੱਲਰਹੇੜੀ, ਪ੍ਰੇਮਜੀਤ ਭੋਜੋਵਾਲੀ, ਰਾਜਿੰਦਰ ਸਿੰਘ ਭੀਲੋਵਾਲ ਆਦਿ ਵੀ ਹਾਜ਼ਰ ਸਨ।