ਹਰਜੀਤ ਸਿੰਘ
ਖਨੌਰੀ, 22 ਅਗਸਤ
ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਦੇ ਪੁੱਤਰ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਕਿਸਾਨ ਸੈੱਲ ਦੇ ਮੈਂਬਰ ਰਾਹੁਲਇੰਦਰ ਸਿੰਘ ਸਿੱਧੂ ਵੱਲੋਂ ਸਿੱਖਿਆ ਸੰਘਰਸ਼ ਲਹਿਰ ਦੇ ਨਾਂ ਹੇਠ ਲਹਿਰਾ ਖੇਤਰ ਵਿੱਚ ਮੈਡੀਕਲ ਜਾਂ ਇੰਜਨੀਅਰਿੰਗ ਕਾਲਜ ਬਣਾਉਣ ਲਈ ਦਸਤਖ਼ਤ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਇਸ ਸਬੰਧੀ ਰਾਹੁਲਇੰਦਰ ਸਿੰਘ ਸਿੱਧੂ ਨੇ ਕਿਹਾ ਕਿ ਹਲਕੇ ਤੋਂ ਪਛੜੇਪਣ ਦਾ ਦਾਗ ਮਿਟਾਉਣ ਲਈ 2002 ਤੋਂ 2007 ਤੱਕ ਦੀ ਸਰਕਾਰ ਦੌਰਾਨ ਤਤਕਾਲੀ ਉਪ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਨੇ ਹਲਕੇ ਵਿੱਚ ਸਿੱਖਿਆ ਦਾ ਪ੍ਰਚਾਰ ਕੀਤਾ ਸੀ। ਇਸ ਤਹਿਤ ਬਾਬਾ ਹੀਰਾ ਸਿੰਘ ਭੱਠਲ ਕਾਲਜ ਅਤੇ ਅਕਾਲੀ ਫੂਲਾ ਸਿੰਘ ਯੂਨੀਵਰਸਿਟੀ ਨੇਬਰਹੁੱਡ ਕੈਂਪਸ ਦੇਹਲਾ ਸੀਹਾਨ ਦੀ ਸਥਾਪਨਾ ਕੀਤੀ ਗਈ ਸੀ ਪਰ ਦੁੱਖ ਦੀ ਗੱਲ ਹੈ ਕਿ ਬਾਅਦ ਦੀਆਂ ਸਰਕਾਰਾਂ ਨੇ ਇਨ੍ਹਾਂ ਸੰਸਥਾਵਾਂ ਨੂੰ ਕਾਮਯਾਬ ਕਰਨ ਦੀ ਬਜਾਏ ਤਬਾਹ ਕਰਨ ਦੀ ਭੂਮਿਕਾ ਨਿਭਾਈ ਹੈ। ਇਸ ਕਾਰਨ ਬਾਬਾ ਹੀਰਾ ਸਿੰਘ ਭੱਠਲ ਕਾਲਜ ਆਰਥਿਕ ਘਾਟੇ ਅਤੇ ਕਰਜ਼ੇ ਦੀ ਦਲਦਲ ਵਿੱਚ ਡੁੱਬਿਆ ਹੋਇਆ ਹੈ। ਇਮਾਰਤ ਖੰਡਰ ਬਣ ਰਹੀ ਹੈ ਜਦੋਂਕਿ ਦੇਹਲਾ ਸੀਹਾਂ ਯੂਨੀਵਰਸਿਟੀ ਕੈਂਪਸ ਨੂੰ ਇਕ ਪੈਲੇਸ ਦੀ ਇਮਾਰਤ ਵਿੱਚ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਦਸਤਖ਼ਤ ਮੁਹਿੰਮ ਰਾਹੀਂ ਸਰਕਾਰ ਨੂੰ ਬਾਬਾ ਹੀਰਾ ਸਿੰਘ ਭੱਠਲ ਕਾਲਜ ਨੂੰ ਮੁੜ ਖੋਲ੍ਹਣ ਦੀ ਅਪੀਲ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਆਰਥਿਕ ਮੰਦੀ ਦਾ ਹਵਾਲਾ ਦਿੰਦੇ ਹੋਏ 2026 ਤੱਕ 16 ਮੈਡੀਕਲ ਕਾਲਜ ਖੋਲ੍ਹਣ ਦੇ ਵਾਅਦੇ ਨੂੰ ਟਾਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਹਾਲਤ ਵਿੱਚ ਇੱਥੇ ਮੈਡੀਕਲ ਕਾਲਜ ਦੀ ਯੋਜਨਾ ਨਾ ਬਣੀ ਤਾਂ ਇੱਥੇ ਇੱਕ ਚੰਗੀ ਲਾਅ ਯੂਨੀਵਰਸਿਟੀ ਖੋਲ੍ਹੀ ਜਾ ਸਕਦੀ ਹੈ। ਇਸ ਤੋਂ ਇਲਾਵਾ ਕੰਪਿਊਟਰ ਸਾਇੰਸ ਇੰਜਨੀਅਰਿੰਗ, ਏਆਈ ਮਸ਼ੀਨ ਲਰਨਿੰਗ, ਰੌਬੋਟਿਕਸ ਵਰਗੇ ਮਸ਼ਹੂਰ ਵਿਸ਼ਿਆਂ ਲਈ ਕਾਲਜ ਬਣਾਉਣਾ ਵੀ ਬਹੁਤ ਲਾਹੇਵੰਦ ਹੋ ਸਕਦਾ ਹੈ। ਇਸ ਮੌਕੇ ਪਵਨ ਗਿੱਲ ਬਨਾਰਸੀ, ਬਿੰਦੂ ਢੀਂਡਸਾ, ਸਤੀਸ਼ ਗੁਲਾੜੀ, ਮਹਾਵੀਰ ਪ੍ਰਸਾਦ, ਵਿੱਕੀ ਰਾਜਪੂਤ, ਸਤੀਸ਼ ਵਾਲਮੀਕਿ, ਮੀਹਾ ਖਾਨ ਤੇ ਅਜੇ ਕੁਮਾਰ ਆਦਿ ਇਲਾਕਾ ਵਾਸੀ ਵੀ ਹਾਜ਼ਰ ਸਨ।