ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 13 ਜੁਲਾਈ
ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਅੱਜ ਸਥਾਨਕ ਸਰਕਾਰੀ ਹਸਪਤਾਲ ਪੁੱਜ ਕੇ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਮੁਹੰਮਦ ਅਖ਼ਤਰ ਤੋਂ ਹਸਪਤਾਲ ਵਿੱਚ ਡਾਕਟਰੀ ਤੇ ਗ਼ੈਰਡਾਕਟਰੀ ਅਮਲੇ ਦੀਆਂ ਖਾਲੀ ਪਈਆਂ ਅਸਾਮੀਆਂ ਅਤੇ ਹੋਰ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਉਪਰੰਤ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਲੋਕਾਂ ਦੀਆਂ ਆਸਾਂ ’ਤੇ ਖਰੀ ਨਹੀਂ ਉਤਰ ਰਹੀ। ਵਿਧਾਨ ਸਭਾਂ ਚੋਣਾਂ ਮੌਕੇ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਾਸੀਆਂ ਨੂੰ ਮਿਆਰੀ ਸਿੱਖਿਆ ਅਤੇ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਤੇ ਵਾਅਦੇ ਖੌਖਲੇ ਸਾਬਤ ਹੋ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਸਰਕਾਰ ਵੱਲੋਂ ਜੋ ਘੱਟਗਿਣਤੀਆਂ ਲਈ ਮੈਡੀਕਲ ਕਾਲਜ ਮਾਲੇਰਕੋਟਲਾ ਵਿੱਚ ਬਣਾਉਣ ਦੀ ਤਜ਼ਵੀਜ਼ ਸੀ ਉਹ ਹਸਪਤਾਲ ਮਾਲੇਰਕੋਟਲਾ ਵਿੱਚ ਹੀ ਬਣਨਾ ਚਾਹੀਦਾ ਹੈ। ਸ੍ਰੀ ਮਾਨ ਨੇ ਕਿਹਾ ਕਿ ਪੰਜਾਬ ਦੀ ਤਰੱਕੀ ਲਈ ਲਾਜ਼ਮੀ ਹੈ ਕਿ ਵਾਹਗਾ ਸਰਹੱਦ ਰਾਹੀਂ ਵਪਾਰ ਸ਼ੁਰੂ ਕੀਤਾ ਜਾਵੇ। ਅਜਿਹਾ ਹੋਣ ਨਾਲ ਸੂਬਾ ਤਰੱਕੀ ਕਰੇਗਾ ਅਤੇ ਸੂਬੇ ਵਿੱਚੋਂ ਬੇਰੁਜ਼ਗਾਰੀ ਖ਼ਤਮ ਹੋਵੇਗੀ। ਇਸ ਮੌਕੇ ਮਾਸਟਰ ਕਰਨੈਲ ਸਿੰਘ ਨਾਰੀਕੇ, ਜਥੇਦਾਰ ਹਰਦੇਵ ਸਿੰਘ ਪੱਪੂ, ਬਲਜਿੰਦਰ ਲਸੋਈ, ਮੁਹੰਮਦ ਫਾਰੂਕ, ਮੁਹੰਮਦ ਰੱਜਾਕ ਆਦਿ ਹਾਜ਼ਰ ਸਨ।