ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 16 ਜਨਵਰੀ
ਹਲਕਾ ਵਿਧਾਇਕ ਅਤੇ ਸਕੂਲ ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਸ਼ਹਿਰ ਦੇ ਪ੍ਰਤਾਪ ਨਗਰ ਨੇੜੇ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ‘ਫੋਰੈਸਟ ਅਤੇ ਨੇਚਰ ਅਵੇਅਰਨੈੱਸ’ ਪਾਰਕ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਜੰਗਲਾਤ ਵਿਭਾਗ ’ਚ ਏ.ਸੀ.ਐੱਸ. ਰਵਨੀਤ ਕੌਰ ਅਤੇ ਪੀ.ਸੀ.ਸੀ.ਐੱਫ਼. ਜਿਤੇਂਦਰ ਸ਼ਰਮਾ ਵੀ ਮੌਜੂਦ ਸਨ, ਜਿਨ੍ਹਾਂ ਦਾ ਪਾਰਕ ਲਈ ਵਡਮੁੱਲਾ ਯੋਗਦਾਨ ਹੈ।
ਵਿਜੈਇੰਦਰ ਸਿੰਗਲਾ ਨੇ ਦੱਸਿਆ ਕਿ ਇਹ ਪਾਰਕ ਜ਼ਿਲ੍ਹਾ ਪਰਿਸ਼ਦ ਦੀ ਇੱਕ ਏਕੜ ਜ਼ਮੀਨ ’ਤੇ ਜੰਗਲਾਤ ਵਿਭਾਗ ਵੱਲੋਂ ਤਕਰੀਬਨ ਇੱਕ ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਵੇਗਾ, ਜੋ ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਪਾਰਕ ਨੂੰ ਤਿਆਰ ਕਰਵਾਉਣ ਦਾ ਮੁੱਖ ਮਕਸਦ ਸ਼ਹਿਰ ਦੀ ਸੁੰਦਰਤਾ ’ਚ ਵਾਧਾ ਕਰਨ ਦੇ ਨਾਲ-ਨਾਲ ਸ਼ਹਿਰ ਵਾਸੀਆਂ ਨੂੰ ਚੰਗੀ ਸਿਹਤ ਤੇ ਬੂਟਿਆਂ ਦੀ ਸੰਭਾਲ ਪ੍ਰਤੀ ਚੇਤੰਨ ਕਰਨਾ ਹੈ। ਹਾਲਾਂਕਿ ਇਹ ਪਾਰਕ ਜੰਗਲਾਤ ਵਿਭਾਗ ਵੱਲੋਂ ਤਿਆਰ ਕੀਤਾ ਗਿਆ ਹੈ ਪਰ ਹੁਣ ਇਸ ਦੀ ਸੰਭਾਲ ਦੀ ਜ਼ਿੰਮੇਵਾਰੀ ਜ਼ਿਲ੍ਹਾ ਪਰਿਸ਼ਦ ਨੂੰ ਹੀ ਦਿੱਤੀ ਜਾਵੇਗੀ।