ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 12 ਦਸੰਬਰ
ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਤਕਰੀਬਨ 31 ਕਰੋੜ ਰੁਪਏ ਦੀ ਲਾਗਤ ਨਾਲ ਕਰਵਾਏ ਜਾਣ ਵਾਲੇ ਕੰਮਾਂ ਦੀ ਸ਼ੁਰੂਆਤ ਅੱਜ ਦਸ਼ਮੇਸ ਨਗਰ ਵਾਰਡ ਨੰਬਰ 12 ਤੋਂ ਕੀਤੀ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਕੰਮਾਂ ’ਚ ਸੀਵਰੇਜ ਪਾਈਪਲਾਈਨ ਦੇ ਨਾਲ-ਨਾਲ ਪੀਣ ਵਾਲੇ ਪਾਣੀ ਦੀ ਸਪਲਾਈ ਤੇ ਗਲੀਆਂ ’ਚ ਇੰਟਰ-ਲਾਕਿੰਗ ਟਾਈਲਾਂ ਲਗਵਾਉਣ ਦਾ ਕੰਮ ਕਰਵਾਇਆ ਜਾਵੇਗਾ ਤਾਂ ਜੋ ਸੰਗਰੂਰ ਸ਼ਹਿਰ ਦੀ ਨੁਹਾਰ ਬਦਲੀ ਜਾ ਸਕੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰ ਦੇ ਕਾਰਜਕਾਲ ਦੌਰਾਨ ਪਾਸ ਕੀਤੇ ਗਏ ਪ੍ਰਾਜੈਕਟਾਂ ’ਚ ਸ਼ਹਿਰ ਦੇ ਬਹੁਤ ਸਾਰੇ ਇਲਾਕਿਆਂ ’ਚ ਸੀਵਰੇਜ ਤੇ ਗਲੀਆਂ ਪਾਉਣ ਦਾ ਕੰਮ ਸ਼ਾਮਲ ਨਹੀਂ ਕੀਤਾ ਗਿਆ ਸੀ। ਸੰਗਰੂਰ ਸ਼ਹਿਰ ਵਿੱਚ 100 ਫੀਸਦੀ ਸੀਵਰੇਜ ਅਤੇ ਵਾਟਰ ਸਪਲਾਈ ਯਕੀਨੀ ਬਣਾਉਣ ਦੇ ਨਾਲ-ਨਾਲ ਪੰਜਾਬ ਸਰਕਾਰ ਵੱਲੋਂ ਸਕੂਲਾਂ, ਕਾਲਜਾਂ, ਕਮਿਊਨਿਟੀ ਸੈਂਟਰਾਂ ਦੀ ਦਿੱਖ ਸਵਾਰੀ ਜਾ ਚੁੱਕੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਸ਼ਹਿਰ ਦੀਆਂ ਸੜਕਾਂ ਤੇ ਹੋਰ ਬੁਨਿਆਦੀ ਢਾਂਚੇ ’ਚ ਸੁਧਾਰ ਕਰਨ ਦੇ ਨਾਲ-ਨਾਲ ਸੰਗਰੂਰ ਸ਼ਹਿਰ ਦੇ ਵਿਰਸੇ ਤੇ ਵਿਰਾਸਤੀ ਇਮਾਰਤਾਂ ਨੂੰ ਸੰਭਾਲਣ ਦਾ ਬੀੜਾ ਵੀ ਚੁੱਕਿਆ ਗਿਆ ਹੈ। ਬਨਾਸਰ ਬਾਗ਼ ਦੀ ਰਵਾਇਤੀ ਦਿੱਖ ਬਹਾਲ ਕਰਨ ਲਈ ਉਨ੍ਹਾਂ 2.5 ਕਰੋੜ ਰੁਪਏ ਹੋਰ ਮਨਜ਼ੂਰ ਕਰਵਾਏ ਹਨ। ਇਸ ਮੌਕੇ ਚੇਅਰਮੈਨ ਮਾਰਕਿਟ ਕਮੇਟੀ ਅਨਿਲ ਕੁਮਾਰ ਘੀਚਾ, ਪੰਜਾਬ ਸਮਾਲ ਇੰਡਸਟਰੀਜ਼ ਕਾਰਪੋਰੇਸ਼ਨ ਦੇ ਵਾਇਸ ਚੇਅਰਮੈਨ ਮਹੇਸ਼ ਕੁਮਾਰ ਮੇਸ਼ੀ ਸਮੇਤ ਹੋਰ ਆਗੂ ਅਤ ਅਧਿਕਾਰੀ ਹਾਜ਼ਰ ਸਨ।
ਕੈਬਨਿਟ ਮੰਤਰੀ ਨੂੰ ਮਿਲੇ ਚੈਂਬਰ ਆਫ ਕਾਮਰਸ ਦੇ ਆਗੂ
ਧੂਰੀ (ਪਵਨ ਕੁਮਾਰ ਵਰਮਾ): ਸੰਗਰੂਰ ਚੈਂਬਰ ਆਫ ਕਾਮਰਸ ਦੇ ਆਗੂਆਂ ਨੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨਾਲ ਮੁਲਾਕਾਤ ਕਰਕੇ ਇੰਡਸਟਰੀ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਜਾਣੂ ਕਰਵਾਇਆ। ਚੈਂਬਰ ਦੇ ਸੈਕਟਰੀ ਅੰਮ੍ਰਿਤ ਗਰਗ ਰਿੰਕੂ ਨੇ ਮੰਗ ਕੀਤੀ ਕਿ ਸੀਐੱਲਯੂ ਦੇ ਦਫ਼ਤਰ ਹਰ ਜ਼ਿਲ੍ਹੇ ਵਿੱਚ ਹੋਣੇ ਚਾਹੀਦੇ ਹਨ ਤਾਂ ਜੋ ਕਾਰੋਬਾਰੀਆਂ ਨੂੰ ਖੱਜਲ-ਖ਼ੁਆਰ ਨਾ ਹੋਣਾ ਪਵੇ ਅਤੇ ਧੂਰੀ ਵਿੱਚ ਇੱਕ ਫੋਕਲ ਪੁਆਇੰਟ ਵੀ ਬਣਾਇਆ ਜਾਵੇ ਤਾਂ ਜੋ ਧੂਰੀ ਸ਼ਹਿਰ ਦੀ ਸਾਰੀ ਇੰਡਸਟਰੀ ਇੱਕ ਥਾਂ ’ਤੇ ਇਕੱਠੀ ਹੋ ਸਕੇ ਅਤੇ ਇੰਡਸਟਰੀ ਲਗਾਉਣ ਵਿੱਚ ਕਿਸੇ ਨੂੰ ਕੋਈ ਮੁਸ਼ਕਿਲ ਨਾ ਆਵੇ। ਇਸ ਮੌਕੇ ਚੈਂਬਰ ਦੇ ਆਗੂ ਸੁਨੀਲ ਕੁਮਾਰ ਬਬਲਾ, ਰਾਜੀਵ ਕੁਮਾਰ ਤੇ ਹੋਰ ਆਗੂ ਹਾਜ਼ਰ ਸਨ।