ਟ੍ਰਿਬਿਊਨ ਨਿਊਜ਼ ਸਰਵਿਸ
ਧੂਰੀ, 24 ਮਈ
ਥਾਣਾ ਸਿਟੀ ਧੂਰੀ ਦੀ ਪੁਲੀਸ ਵੱਲੋਂ ਬੀਤੀ 18 ਮਈ ਨੂੰ ਸ਼ੱਕ ਦੇ ਆਧਾਰ ’ਤੇ ਪਨੀਰ, ਮੱਖਣ ਅਤੇ ਦਹੀਂ ਸਪਲਾਈ ਕਰਨ ਵਾਲੀ ਇੱਕ ਗੱਡੀ ਨੂੰ ਰੋਕਣ ਉਪਰੰਤ ਸਿਹਤ ਵਿਭਾਗ ਦੀ ਟੀਮ ਨੂੰ ਮੌਕੇ ’ਤੇ ਬੁਲਾ ਕੇ ਪਨੀਰ, ਮੱਖਣ ਅਤੇ ਦੁੱਧ ਦੀ ਸੈਂਪਲਿੰਗ ਕਰਵਾਈ ਗਈ ਸੀ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਧੂਰੀ ਦੇ ਮੁਖੀ ਹਰਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ 18 ਮਈ ਨੂੰ ਕਰਵਾਈ ਗਈ ਸੈਂਪਲਿੰਗ ਦੀ ਰਿਪੋਰਟ ਅੱਜ ਜ਼ਿਲ੍ਹਾ ਫੂਡ ਸੇਫਟੀ ਅਫਸਰ ਵੱਲੋਂ ਸੌਂਪੀ ਗਈ, ਜਿਸ ਵਿੱਚ ਸੈਂਪਲਿੰਗ ਦਾ ਟੈਸਟ ਫੇਲ੍ਹ ਪਾਇਆ ਗਿਆ ਹੈ ਅਤੇ ਇਸੇ ਤਹਿਤ ਸਿੰਗਲਾ ਮਿਲਕ ਡੇਅਰੀ ਦਿੜ੍ਹਬਾ ਦੇ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜ਼ਬਤ ਕੀਤਾ ਗਿਆ 4 ਕੁਇੰਟਲ ਪਨੀਰ, 10 ਕਿਲੋ ਦਹੀਂ ਅਤੇ 5 ਕਿਲੋ ਮੱਖਣ ਨਸ਼ਟ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ਼ ਲੈ ਕੇ ਸ਼ੱਕੀ ਡੇਅਰੀ ਸੈਂਟਰਾਂ ਦੀ ਸੈਂਪਲਿੰਗ ਕੀਤੀ ਜਾਵੇਗੀ ਅਤੇ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਸਿੰਗਲਾ ਮਿਲਕ ਡੇਅਰੀ ਫਾਰਮ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ਮੌਕੇ ਜ਼ਿਲਾ ਫੂਡ ਸੇਫਟੀ ਅਫਸਰ ਸੰਦੀਪ ਸਿੰਘ ਸੰਧੂ ਅਤੇ ਹੋਰ ਪੁਲੀਸ ਮੁਲਾਜ਼ਮ ਵੀ ਹਾਜ਼ਰ ਸਨ।