ਬੀਰਬਲ ਰਿਸ਼ੀ
ਸ਼ੇਰਪੁਰ, 11 ਅਗਸਤ
ਲੰਪੀ ਨਾਂ ਦੇ ਚਮੜੀ ਰੋਗ ਨੇ ਪਸ਼ੂ ਪਾਲਕਾਂ ਦੇ ਸਾਹ ਸੂਤੇ ਹੋਏ ਹਨ। ਅਜਿਹੇ ਦੌਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਵਿਚਲੇ ਹਸਪਤਾਲਾਂ ’ਚ ਵੈਟਰਨਰੀ ਡਾਕਟਰਾਂ ਤੇ ਡਿਸਪੈਂਸੀਆਂ ਵਿੱਚ ਵੈਟਰਨਰੀ ਇੰਸਪੈਕਟਰਾਂ ਦੀਆਂ 50 ਫ਼ੀਸਦ ਆਸਾਮੀਆਂ ਖਾਲੀ ਪਈਆਂ ਹੋਣ ਤੋਂ ਇਲਾਵਾ ਵਿਭਾਗ ਨੂੰ ਕਈ ਹੋਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ ਹਲਕਾ ਧੂਰੀ ਤੇ ਬਲਾਕ ਸ਼ੇਰਪੁਰ ਦੇ ਪਿੰਡਾਂ ਵਿੱਚ ਕੁੱਲ 17 ਵੈਟਰਨਰੀ ਡਾਕਟਰਾਂ ਦੀਆਂ ਆਸਾਮੀਆਂ ਹਨ ਜਿਨ੍ਹਾਂ ਵਿੱਚੋਂ ਸ਼ੇਰਪੁਰ, ਘਨੌਰੀ ਕਲਾਂ, ਕਾਤਰੋਂ, ਸ਼ੇਰਪੁਰ ਸਮੇਤ ਅੱਠ ਹਸਪਤਾਲ ਡਾਕਟਰ ਖੁਣੋਂ ਵਿਹਲੇ ਪਏ ਹਨ ਜਦੋਂ ਕਿ 27 ਡਿਸਪੈਂਸਰੀਆਂ ਵਿੱਚੋਂ ਮਹਿਜ਼ 14 ਵਿੱਚ ਹੀ ਵੈਟਰਨਰੀ ਇੰਸਪੈਕਟਰ ਕੰਮ ਕਰ ਰਹੇ ਹਨ। ਉੱਧਰ, ਕੁੱਝ ਥਾਵਾਂ ’ਤੇ ਬਿਨਾ ਕਿਸੇ ਡਿਗਰੀ ਦੇ ਝੋਲਾ ਚੁੱਕ ਕੇ ਪਸ਼ੂਆਂ ਦਾ ਇਲਾਜ ਕਰਨ ਨਿਕਲੇ ਅਖੌਤੀ ਡਾਕਟਰਾਂ ਕੋਲੋਂ ਮਹਿੰਗਾਂ ਇਲਾਜ ਨਾ ਕਰਵਾ ਸਕਣ ਵਾਲੇ ਪਸ਼ੂ ਪਾਲਕ ਉਕਤ ਬਿਮਾਰੀ ਤੋਂ ਪੀੜਤ ਪਸ਼ੂਆਂ ਨੂੰ ਲਾਵਾਰਿਸ ਛੱਡਣ ਲਈ ਮਜਬੂਰ ਹਨ।
ਅੱਜ ਪਿੰਡ ਫਰਵਾਹੀ ਵਿੱਚ ਉਸ ਵੇਲੇ ਰੌਲਾ ਪੈ ਗਿਆ ਜਦੋਂ ਇੱਕ ਧਾਰਮਿਕ ਸਥਾਨ ਤੋਂ ਮੁਨਾਦੀ ਕਰਵਾਈ ਗਈ ਕਿ ਲੰਪੀ ਚਮੜੀ ਰੋਗ ਦੇ ਪੱਕੇ ਇਲਾਜ ਲਈ ਸਿਰਫ 500 ਰੁਪਏ ਵਿੱਚ ਦਵਾਈ ਦਿੱਤੀ ਜਾ ਰਹੀ ਹੈ। ਵੈਟਰਨਰੀ ਇੰਸਪੈਕਟਰ ਰਾਜਵਿੰਦਰ ਸਿੰਘ ਫਰਵਾਹੀ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜਦੋਂ ਤੱਕ ਉਹ ਮੌਕੇ ਹ’ਤੇ ਪੁੱਜੇ ਤਾਂ ਦਵਾਈ ਵੇਚਣ ਵਾਲੇ ਜਾ ਚੁੱਕੇ ਸਨ ਪਰ ਉਨ੍ਹਾਂ ਦੇ ਫੋਨ ਨੰਬਰ ’ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਪਸ਼ੂ ਪਾਲਕ ਸਮਝ ਕੇ ਕਿਹਾ ਕਿ ਹੁਣ ਉਹ ਮਾਲੇਰਕੋਟਲਾ ਦੇ ਪਿੰਡਾਂ ਵਿੱਚ ਆ ਕੇ ਦਵਾਈ ਲੈ ਸਕਦੇ ਹਨ। ਉਨ੍ਹਾਂ ਸਾਰਾ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ। ਉੱਧਰ, ਸੀਨੀਅਰ ਡਾਕਟਰ ਤਰਪਿੰਦਰਜੀਤ ਸਿੰਘ ਨੇ ਕਿਹਾ ਕਿ ਜੇਕਰ ਕੋਈ ਗੈਰਕਾਨੂੰਨੀ ਢੰਗ ਨਾਲ ਦਵਾਈ ਵੇਚੇਗਾ ਜਾਂ ਨਿਯਮਾਂ ਦੇ ਉਲਟ ਝੋਲਾ ਛਾਪ ਇਲਾਜ ਕਰਦਾ ਹੈ ਤਾਂ ਲਿਖਤੀ ਸ਼ਿਕਾਇਤ ਮਿਲਣ ’ਤੇ ਨਿਯਮਾਂ ਅਨੁਸਾਰ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ ਪਸ਼ੂ ਪਾਲਕ ਨੀਮ ਹਕੀਮ ਦਾ ਖ਼ਤਰਾ ਮੁੱਲ ਨਾ ਲੈ ਕੇ ਸਰਕਾਰੀ ਹਸਪਤਾਲਾਂ ਅਤੇ ਡਿਸਪੈਂਸਰੀਆਂ ’ਚੋਂ ਪਸ਼ੂਆਂ ਦਾ ਇਲਾਜ ਕਰਵਾਉਣ।
ਰਾਜਪੁਰਾ ਤੇ ਘਨੌਰ ਖੇਤਰ ’ਚ ਸੈਂਕੜੇ ਪਸ਼ੂ ਬਿਮਾਰੀ ਤੋਂ ਪੀੜਤ
ਰਾਜਪੁਰਾ (ਬਹਾਦਰ ਸਿੰਘ): ਇਸ ਖੇਤਰ ਵਿੱਚ ਸੈਂਕੜੇ ਪਸ਼ੂ, ਖਾਸ ਕਰ ਕੇ ਗਊਆਂ ਲੰਪੀ ਸਕਿਨ ਨਾਂ ਦੀ ਬਿਮਾਰੀ ਦੀ ਲਪੇਟ ਵਿੱਚ ਆ ਗਈਆਂ ਹਨ। ਰਾਜਪੁਰਾ ਸ਼ਹਿਰ ਦੀਆਂ ਦੋ ਗਊਸ਼ਲਾਵਾਂ, ਇੱਕ ਐਨੀਮਲ ਕੇਅਰ ਸੈਂਟਰ ਅਤੇ ਘਨੌਰ ਦੀ ਗਊਸ਼ਾਲਾ ਵਿੱਚ ਕਰੀਬ 1100 ਪਸ਼ੂ ਹਨ। ‘ਗਊਸ਼ਾਲਾ ਪੁਰਾਣਾ ਰਾਜਪੁਰਾ’ ਜਿੱਥੇ ਕਿ ਕਰੀਬ 400 ਪਸ਼ੂ ਹਨ, ਵਿੱਚੋਂ 15 ਗਊਆਂ ਉਕਤ ਬਿਮਾਰੀ ਤੋਂ ਪੀੜਤ ਹਨ। ਗਊਸ਼ਾਲਾ ਪੁਰਾਣਾ ਰਾਜਪੁਰਾ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਰਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬਿਮਾਰੀ ਤੋਂ ਪੀੜਤ ਗਊਆਂ ਨੂੰ ਵੱਖਰੇ ਸ਼ੈੱਡ ਹੇਠ ਰੱਖਿਆ ਗਿਆ ਹੈ ਅਤੇ 11000 ਰੁਪਏ ਦੀਆਂ ਦਵਾਈਆਂ ਖਰੀਦ ਕੇ ਇਲਾਜ ਕਰਵਾਇਆ ਜਾ ਰਿਹਾ ਹੈ। ਜਦੋਂ ਕਿ ਵੈਟਰਨਰੀ ਅਫਸਰ ਰਾਜਪੁਰਾ ਅਕਸ਼ਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਵੀ ਕੁਝ ਦਵਾਈਆਂ ਭੇਜੀਆਂ ਗਈਆਂ ਹਨ ਤੇ ਪਸ਼ੂਆਂ ਦਾ ਮੁਫਤ ਟੀਕਾਕਰਨ ਕੀਤਾ ਜਾ ਰਿਹਾ ਹੈ। ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਗੁਰਚਰਨ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ’ਚ ਲੰਪੀ ਸਕਿਨ ਬਿਮਾਰੀ ਤੋਂ ਤਿੰਨ ਫੀਸਦ ਪਸ਼ੂ ਪੀੜਤ ਹਨ ਜਿਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਜਦੋਂ ਕਿ ਤੰਦਰੁਸਤ ਪਸ਼ੂਆਂ ਦਾ ਮੁਫਤ ਟੀਕਾਕਰਨ ਕੀਤਾ ਜਾ ਰਿਹਾ ਹੈ।