ਰਮੇਸ਼ ਭਾਰਦਵਾਜ
ਲਹਿਰਾਗਾਗਾ, 9 ਅਗਸਤ
ਆਸ਼ਾ ਵਰਕਰਜ਼ ਅਤੇ ਫੈਸਿਲੀਟੇਟਰ ਯੂਨੀਅਨ ਬਲਾਕ ਲਹਿਰਾਗਾਗਾ-ਮੂਣਕ ਦੀ ਮੀਟਿੰਗ ਪ੍ਰਧਾਨ ਬਲਵਿੰਦਰ ਕੌਰ ਕਾਲਵੰਜਾਰਾ ਦੀ ਪ੍ਰਧਾਨਗੀ ਹੇਠ ਸਰਕਾਰੀ ਹਸਪਤਾਲ ਲਹਿਰਾਗਾਗਾ ਵਿੱਚ ਹੋਈ। ਇਸ ਮੀਟਿੰਗ ਵਿੱਚ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਨੂੂੰ ਮੌਜੂਦਾ ਸਮੇਂ ਵਿੱਚ ਆ ਰਹੀਆਂ ਔਕੜਾਂ ਬਾਰੇ ਭਰਵੀਂ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਬਲਵਿੰਦਰ ਕੌਰ ਨੇ ਕਿਹਾ ਕਿ ਕੋਵਿਡ-19 ਦੇ ਸਮੇਂ ਵਿੱਚ ਆਸ਼ਾ ਵਰਕਰ ਸਭ ਤੋਂ ਮੂਹਰਲੀਆਂ ਸਫਾਂ ਵਿੱਚ ਹਨ ਪਰ ਸਰਕਾਰ ਦੇ ਵਿਤਕਰੇ ਦਾ ਸਭ ਤੋਂ ਵੱਧ ਸ਼ਿਕਾਰ ਵੀ ਉਹੀ ਹਨ। ਇਸ ਦੌਰਾਨ ਸਮੂਹ ਵਰਕਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਮੂਹ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਜ਼ ਦਾ ਬੀਮਾ ਕਰਵਾਇਆ ਜਾਵੇ ਤੇ ਆਸ਼ਾ ਵਰਕਰਾਂ ਨੂੂੰ ਵਰਦੀਆਂ ਦੇਣ ਸਣੇ ਹੋਰਨਾਂ ਮੰਗਾਂ ਦੀ ਪੂਰਤੀ ਕੀਤੀ ਜਾਵੇ।
ਇਸ ਮੌਕੇ ਸਮੂਹ ਵਰਕਰਾਂ ਨੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵਿੱਚ ਪੂਰਨ ਭਰੋਸਾ ਪ੍ਰਗਟ ਕੀਤਾ। ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਚੰਗਾਲੀਵਾਲਾ ਅਤੇ ਬਲਾਕ ਪ੍ਰਧਾਨ ਛੱਜੂ ਰਾਮ ਮਨਿਆਣਾ ਨੇ ਵਰਕਰਾਂ ਨੂੰ ਯਕੀਨ ਦਵਾਇਆ ਕਿ ਉਨ੍ਹਾਂ ਦੀਆਂ ਮੰਗਾਂ ’ਤੇ ਪਸਸਫ 1406- 22 ਚੰਡੀਗੜ੍ਹ ਹਰ ਸਮੇਂ ਪਹਿਰਾ ਦਿੰਦੀ ਰਹੇਗੀ।