ਪੱਤਰ ਪ੍ਰੇਰਕ
ਸ਼ੇਰਪੁਰ, 11 ਫਰਵਰੀ
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਕਮੇਟੀ ਮੈਂਬਰ ਸਮਸ਼ੇਰ ਸਿੰਘ ਈਸਾਪੁਰ ਦੀ ਅਗਵਾਈ ਹੇਠ ਸਰਕਾਰੀ ਐਲੀਮੈਂਟਰੀ ਸਕੂਲ ਈਸਾਪੁਰ ਲੰਡਾ ਦੇ ਮੁੱਖ ਗੇਟ ’ਤੇ ਸਕੂਲੀ ਬੱਚਿਆਂ, ਮਾਪਿਆਂ ਅਤੇ ਕਿਸਾਨ ਕਾਰਕੁਨਾਂ ਸਮੇਤ ਨਾਅਰੇਬਾਜ਼ੀ ਕੀਤੀ ਗਈ।ਕਿਸਾਨ ਮੰਗ ਕਰ ਰਹੇ ਸਨ ਕਿ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੀ ਤਰਜ਼ ’ਤੇ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ਦੀ ਪੜ੍ਹਾਈ ਨੂੰ ਲੀਹ ’ਤੇ ਲਿਆਉਣ ਲਈ ਤੁਰੰਤ ਬਿਨਾਂ ਸ਼ਰਤ ਸਕੂਲ ਖੋਲ੍ਹੇ ਜਾਣ। ਬੀਕੇਯੂ ਡਕੌਂਦਾ ਦੇ ਆਗੂ ਸਮਸ਼ੇਰ ਸਿੰਘ ਈਸਾਪੁਰ ਨੇ ਕਿਹਾ ਕਿ ਉਹ ਬੱਚਿਆਂ ਨੂੰ ਸਕੂਲ ਲਿਆਉਂਦੇ ਹਨ ਪਰ ਅਧਿਆਪਕ ਬੱਚਿਆਂ ਨੂੰ ਪੜ੍ਹਾਉਣ ਤੋਂ ਕੰਨੀ ਕਤਰਾਅ ਰਹੇ ਹਨ। ਸਕੂਲ ਸਟਾਫ਼ ਵੱਲੋਂ ਉਧਰ ਇੰਚਾਰਜ ਅਧਿਆਪਕ ਕੁਲਵਿੰਦਰ ਸਿੰਘ ਜਹਾਂਗੀਰ ਨੇ ਸਾਰੇ ਦੋਸ਼ਾਂ ਨੂੰ ਨਿਰਅਧਾਰ ਕਰਾਰ ਦਿੰਦਿਆਂ ਦੱਸਿਆ ਕਿ ਕੋਈ ਵੀ ਅਧਿਆਪਕ ਆਪਣੀ ਡਿਊਟੀ ਨਿਭਾਉਣ ਤੋਂ ਪਿੱਛੇ ਨਹੀਂ ਹਟਦਾ ਪਰ ਸਰਕਾਰ ਵੱਲੋਂ ਪ੍ਰਾਇਮਰੀ ਸਕੂਲ ਖੋਲ੍ਹੇ ਜਾਣ ਸਬੰਧੀ ਕੋਈ ਲਿਖਤੀ ਹੁਕਮ ਪ੍ਰਾਪਤ ਨਹੀਂ ਹੋਇਆ। ਸ੍ਰੀ ਜਹਾਂਗੀਰ ਨੇ ਦੱਸਿਆ ਕਿ ਉਨ੍ਹਾਂ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ਼ੇਰਪੁਰ ਨੂੰ ਲਿਖਤੀ ਪੱਤਰ ਭੇਜ ਕੇ ਪਿੰਡ ਵਾਸੀਆਂ ਦੇ ਦਬਾਅ ਅਤੇ ਸਰਕਾਰ ਦੇ ਲਿਖਤੀ ਹੁਕਮ ਨਾ ਮਿਲਣ ਸਬੰਧੀ ਪੈਦਾ ਹੋਏ ਤਣਾਅਪੂਰਵਕ ਮਾਹੌਲ ਨੂੰ ਸੁਲਝਾਉਣ ਲਈ ਸੇਧ ਮੰਗੀ ਹੈ।