ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 10 ਨਵੰਬਰ
ਲੌਕਡਾਊਨ ਦੌਰਾਨ ਆਏ ਵੱਡੇ ਬਿਜਲੀ ਬਿੱਲਾਂ ਤੋਂ ਦੁਖੀ ਮਜ਼ਦੂਰਾਂ ਵੱਲੋਂ ਅੱਜ ਇੱਥੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਹੇਠ ਪਾਵਰਕੌਮ ਦਫ਼ਤਰ ਦੇ ਗੇਟ ਅੱਗੇ ਸਰਕਾਰ ਅਤੇ ਪਾਵਰਕੌਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਮੋਰਚੇ ਦੇ ਆਗੂ ਗੋਬਿੰਦ ਸਿੰਘ ਛਾਜਲੀ, ਜ਼ਿਲ੍ਹਾ ਪ੍ਰਧਾਨ ਕੁਲਵਿੰਦਰ ਕੌਰ ਰੇਤਗੜ੍ਹ, ਜਸਵੀਰ ਸਿੰਘ ਸਕੱਤਰ, ਰਣਜੀਤ ਸਿੰਘ, ਕਰਮਜੀਤ ਕੌਰ ਬਖੋਪੀਰ, ਮਨਜੀਤ ਕੌਰ, ਸੁਨੀਤਾ ਰਾਣੀ, ਰਣਦੀਪ ਕੌਰ, ਕੁਲਦੀਪ ਕੌਰ, ਰਸ਼ਪਾਲ ਕੌਰ, ਹਰਪਾਲ ਕੌਰ, ਅਮਨਦੀਪ ਕੌਰ, ਹਰਜੀਤ ਕੌਰ ਅਤੇ ਜਸਵੰਤ ਕੌਰ ਨੇ ਕਿਹਾ ਕਿ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਲੌਕਡਾਊਨ ਦੌਰਾਨ ਮਜ਼ਦੂਰਾਂ ਨੂੰ ਬਿਜਲੀ ਬਿੱਲਾਂ ਤੋਂ ਰਾਹਤ ਦਿੱਤੀ ਜਾਵੇਗੀ, ਪਰ ਹੁਣ ਮਜ਼ਦੂਰ ਪਰਿਵਾਰਾਂ ਨੂੰ 15-20 ਹਜ਼ਾਰ ਰੁਪਏ ਤੋਂ ਵੀ ਵਧੇਰੇ ਬਿੱਲ ਭੇਜ ਦਿੱਤੇ ਗਏ ਹਨ।
ਉਨ੍ਹਾਂ ਕਿਹਾ ਕਿ ਲੌਕਡਾਊਨ ਦੌਰਾਨ ਮਜ਼ਦੂਰਾਂ ਨੂੰ ਕੰਮ ਨਾ ਮਿਲਣ ਕਾਰਨ ਉਹ ਇਹ ਬਿੱਲ ਭਰਨ ਤੋਂ ਅਸਮਰੱਥ ਹਨ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਲੋਕਾਂ ਨੂੰ ਝੂਠੇ ਵਾਅਦਿਆਂ ਨਾਲ ਗੁੰਮਰਾਹ ਕਰ ਰਹੀ ਹੈ।
ਉਨ੍ਹਾਂ ਬਿਜਲੀ ਬਿੱਲਾਂ ਨੂੰ ਮਾਫ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜੇ ਉਨ੍ਹਾਂ ਦੀ ਮੰਗ ਪੂਰੀ ਨਾ ਕੀਤੀ ਗਈ ਤਾਂ ਉਹ ਹੋਰ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।ਇਸੇ ਦੌਰਾਨ ਪਾਵਰਕੌਮ ਦੇ ਅਧਿਕਾਰੀ ਨੇ ਦੱਸਿਆ ਕਿ ਮੀਟਰਾਂ ਦੀ ਰੀਡਿੰਗ ਅਨੁਸਾਰ ਬਿੱਲ ਭੇਜੇ ਜਾਂਦੇ ਹਨ, ਪਰ ਜੇ ਕਿਸੇ ਨੂੰ ਇਸ ਸਬੰਧੀ ਕੋਈ ਇਤਰਾਜ਼ ਹੋਵੇ ਤਾਂ ਉਹ ਲਿਖਤੀ ਦਰਖਾਸਤ ਦੇ ਸਕਦਾ ਹੈ।