ਪਵਨ ਕੁਮਾਰ ਵਰਮਾ
ਧੂਰੀ, 13 ਜੂਨ
ਭਗਵਾਨ ਵਾਲਮੀਕਿ ਦਲਿਤ ਚੇਤਨਾ ਮੰਚ ਦੇ ਕੌਮੀ ਪ੍ਰਧਾਨ ਵਿੱਕੀ ਪਰੋਚਾ ਦੀ ਅਗਵਾਈ ਹੇਠ ਪਿੰਡ ਭਸੌੜ ਵਿੱਚ ਮੀਟਿੰਗ ਹੋਈ। ਇਸ ਦੌਰਾਨ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਵਿੱਕੀ ਪਰੋਚਾ ਨੇ ਦੱਸਿਆ ਕਿ ਬੀਤੇ ਦਿਨੀਂ ਭਸੌੜ ਦੇ ਦੋ ਨੌਜਵਾਨਾਂ ਨੂੰ 10 ਤੋਂ 15 ਬੰਦਿਆਂ ਨੇ ਉਨ੍ਹਾਂ ਦੇ ਘਰਾਂ ਵਿੱਚੋਂ ਚੁੱਕ ਕੇ ਕੁੱਟ-ਮਾਰ ਕੀਤੀ ਸੀ, ਜਿਨ੍ਹਾਂ ਵਿੱਚੋਂ ਗੁਰਦੀਪ ਸਿੰਘ ਦੀਪੂ ਰਾਜਿੰਦਰਾ ਹਸਪਤਾਲ ਪਟਿਆਲਾ ਵਿੱਚ ਜ਼ੇਰੇ ਇਲਾਜ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਵੱਲੋਂ ਇਸ ਸਬੰਧੀ ਪੁਲੀਸ ਨੂੰ ਸੂਚਿਤ ਕੀਤਾ ਗਿਆ ਸੀ ਪ੍ਰੰਤੂ ਪੁਲੀਸ ਵੱਲੋਂ ਮੁਲਜ਼ਮਾਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ। ਮੁਲਜ਼ਮਾਂ ਵੱਲੋਂ ਪੀੜਤ ਪਰਿਵਾਰ ਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇ ਮੁਲਜ਼ਮਾਂ ਦੇ ਖ਼ਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਜੱਥੇਬੰਦੀ ਵੱਲੋਂ ਪੁਲੀਸ ਪ੍ਰਸ਼ਾਸਨ ਖਿਲਾਫ ਧਰਨੇ ਲਗਾਏ ਜਾਣਗੇ। ਇਸ ਮੌਕੇ ਦਰਸ਼ਨ ਸਿੰਘ, ਜਗਮੋਹਨ ਚਾਵਲਾ ਪਟਿਆਲਾ, ਸਨੀ ਥਰੀਕੇ ਲੁਧਿਆਣਾ, ਸੋਨੂੰ ਕੁਮਾਰ ਫਤਹਿਗੜ੍ਹ ਸਾਹਿਬ, ਦੀਦਾਰ ਸਿੰਘ ਮੁਹਾਲੀ, ਸਰਪੰਚ ਗੁਰਨਾਮ ਸਿੰਘ ਭਸੌੜ, ਘੁੰਮਣ ਸਿੰਘ, ਮੁਖਤਿਆਰ ਸਿੰਘ, ਹਰਨੇਕ ਸਿੰਘ ਅਤੇ ਜਸਪ੍ਰੀਤ ਕੌਰ ਹਾਜ਼ਰ ਸਨ।