ਬੀਰਬਲ ਰਿਸ਼ੀ
ਸ਼ੇਰਪੁਰ, 5 ਸਤੰਬਰ
ਕੋਆਪਰੇਟਿਵ ਬੈਂਕ ਕਾਤਰੋਂ ਤੇ ਸਬੰਧਤ ਸੁਸਾਇਟੀ ਦੇ ਬੇਵਜ੍ਹਾ ਗੇੜਿਆਂ ਤੋਂ ਅੱਕੇ ਕਿਸਾਨਾਂ ਨੇ ਅੱਜ ਪਿੰਡ ਘਨੌਰੀ ਕਲਾਂ ਵਿੱਚ ਕੋਆਪਰੇਟਿਵ ਸੁਸਾਇਟੀ ਘਨੌਰੀ ਖੁਰਦ ਦੀ ਕਾਰਜਕਰਨੀ ਕਮੇਟੀ ਦੇ ਮੀਤ ਪ੍ਰਧਾਨ ਪ੍ਰਗਟ ਸਿੰਘ ਘਨੌਰੀ ਦੀ ਅਗਵਾਈ ਹੇਠ ਨਾਅਰੇਬਾਜ਼ੀ ਕੀਤੀ।
ਕਿਸਾਨ ਹਰਦੀਪ ਸਿੰਘ ਮਿੱਠੂ ਨੇ ਕਿਹਾ ਕਿ ਡੇਢ ਸਾਲ ਪਹਿਲਾਂ ਸੁਸਾਇਟੀ ਦੀ ਮੈਂਬਰਸ਼ਿਪ ਲੈਣ ਮਗਰੋਂ ਉਹ ਚੈੱਕ-ਬੁੱਕ ਤੇ ਨਗਦ ਰਾਸ਼ੀ ਲੈਣ ਲਈ ਹੁਣ ਤੱਕ ਗੇੜੇ ਮਾਰ ਰਿਹਾ ਹੈ।
ਸੁਸਾਇਟੀ ਦੀ ਕਾਰਜਕਰਨੀ ਕਮੇਟੀ ਦੇ ਮੈਂਬਰ ਪਰਗਟ ਸਿੰਘ ਚਹਿਲ ਨੇ ਦੱਸਿਆ ਕਿ ਇਸੇ ਤਰ੍ਹਾਂ ਦੇ ਅੱਧੀ ਦਰਜਨ ਕਿਸਾਨ ਉਨ੍ਹਾਂ ਦੇ ਧਿਆਨ ਵਿੱਚ ਇਹ ਮਾਮਲਾ ਲਿਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਚੈਕ-ਬੁੱਕ ਤੇ ਨਗਦ ਰਾਸ਼ੀ ਜਾਰੀ ਕਰਨ ਲਈ ਦਿੱਤੇ ਦਸਤਾਵੇਜ਼ਾਂ ’ਚ ਤਰੁਟੀਆਂ ਵਿਖਾ ਕੇ ਰੋਜ਼ ਮੋੜਿਆ ਜਾ ਰਿਹਾ ਹੈ। ਲੋਕ ਸੰਘਰਸ਼ ਕਮੇਟੀ ਦੇ ਪ੍ਰਧਾਨ ਸਰਬਜੀਤ ਸਿੰਘ ਅਲਾਲ ਨੇ ਦੱਸਿਆ ਕਿ ਕੋਆਪਰੇਟਿਵ ਬੈਂਕਾਂ ਦੇ ਜਨਰਲ ਮੈਨੇਜਰ ਨਾਲ ਹੋਈ ਮੀਟਿੰਗ ਵਿੱਚ ਉੱਚ ਅਧਿਕਾਰੀਆਂ ਦਰਮਿਆਨ ਹੋਏ ਸਮਝੌਤੇ ’ਚ ਇਹ ਤੈਅ ਹੋਇਆ ਸੀ ਕਿ ਸੁਸਾਇਟੀ ਦੇ ਨਵੇਂ ਬਣੇ ਮੈਂਬਰਾਂ ਨੂੰ ਨਗਦ ਕੈਸ਼ ਨਾ ਦੇਣ ਦੇ ਜਾਂ ਤਾਂ ਲਿਖਤੀ ਹੁਕਮ ਵਿਖਾਏ ਜਾਣਗੇ ਜਾਂ ਫਿਰ ਸੁਸਾਇਟੀ ਦੇ ਸਮੂਹ ਮੈਂਬਰਾਂ ਨੂੰ ਬਿਨਾਂ ਸ਼ਰਤ ਨਗਦ ਰਾਸ਼ੀ ਜਾਰੀ ਕੀਤੀ ਜਾਵੇਗੀ, ਪਰ ਮਸਲਾ ਜਿਉਂ ਦਾ ਤਿਉਂ ਹੈ। ਸ੍ਰੀ ਅਲਾਲ ਨੇ ਬੈਂਕ ਅਧਿਕਾਰੀਆਂ ਨੂੰ 8 ਸਤੰਬਰ ਤੱਕ ਦਾ ਅਲਟੀਮੇਟਮ ਦਿੱਤਾ ਹੈ ਅਤੇ ਮਸਲਾ ਹੱਲ ਨਾ ਹੋਣ ਦੀ ਸੂਰਤ ਵਿੱਚ ਕਾਤਰੋਂ ਬੈਂਕ ਅੱਗੇ ਧਰਨਾ ਲਾਉਣ ਦਾ ਐਲਾਨ ਕੀਤਾ ਹੈ।
ਕੋਆਪਰੇਟਿਵ ਬੈਂਕ ਦੇ ਮੈਨੇਜਰ ਹਰਜੰਟ ਸਿੰਘ ਨੇ ਕਿਹਾ ਕਿ ਜ਼ਮੀਨ ਟਰਾਂਸਫਰ ਕੇਸ ਤੇ ‘ਡੈਥ ਕੇਸ’ ਸਬੰਧੀ ਉਸ ਕੋਲ ਜ਼ਿਲ੍ਹਾ ਅਧਿਕਾਰੀਆਂ ਨਾਲ ਹੋਏ ਸਮਝੌਤੇ ਤਹਿਤ ਬਣੀ ਲਿਸਟ ’ਚੋਂ ਸਿਰਫ਼ ਤਿੰਨ ਫਾਈਲਾਂ ਬਕਾਇਆ ਹਨ, ਜੋ ਹਾਲੇ ਅਧੂਰੀਆਂ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਉਹ ਬਾਕੀ ਕਿਸਾਨਾਂ ਨੂੰ ਉਚ ਅਧਿਕਾਰੀਆਂ ਦੇ ਹੁਕਮਾਂ ’ਤੇ ਨਗਦ ਰਾਸ਼ੀ ਜਾਰੀ ਕਰ ਸਕਦੇ ਹਨ।