ਹਰਦੀਪ ਸਿੰਘ ਸੋਢੀ
ਧੂਰੀ, 12 ਜੁਲਾਈ
ਸ਼ਹਿਰ ਦੇ ਮਾਲੇਰਕੋਟਲਾ ਬਾਈਪਾਸ ਤੋਂ ਓਵਰਬ੍ਰਿਜ ਨੂੰ ਜਾਂਦੇ ਸਮੇਂ ਪਿਛਲੇ ਕਰੀਬ 6 ਮਹੀਨਿਆਂ ਤੋਂ ਸੜਕ ਪੁੱਟੀ ਹੋਣ ਅਤੇ ਨਿਰਮਾਣ ਕਾਰਜ ਦੀ ਸੁਸਤ ਰਫਤਾਰ ਕਾਰਨ ਪਏ ਖਿਲਾਰੇ ਤੋਂ ਪ੍ਰੇਸ਼ਾਨ ਦੁਕਾਨਦਾਰਾਂ ਵੱਲੋਂ ਪੰਜਾਬ ਸਰਕਾਰ ਅਤੇ ਸਬੰਧਿਤ ਵਿਭਾਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੁਕਾਨਦਾਰਾਂ ਨੇ ਕਿਹਾ ਕਿ ਪਿਛਲੇ ਲਗਪਗ 6 ਮਹੀਨਿਆਂ ਤੋਂ ਸੜਕ ਨੂੰ ਚੌੜੀ ਕਰਨ ਦੀ ਆੜ ਹੇਠ ਬੀ ਐਂਡ ਆਰ ਵਿਭਾਗ ਵੱਲੋਂ ਸੜਕ ਨੂੰ ਪੁੱਟਿਆ ਹੋਇਆ ਹੈ ਅਤੇ ਬਰਸਾਤ ਕਾਰਨ ਇੱਥੇ ਹਾਲਾਤ ਇੰਨੇ ਗੰਭੀਰ ਬਣ ਗਏ ਹਨ ਕਿ ਕਿਸੇ ਗਾਹਕ ਦਾ ਦੁਕਾਨ ’ਚ ਦਾਖਲ ਹੋਣਾ ਤਾਂ ਦੂਰ ਦੀ ਗੱਲ ਸਗੋਂ ਖੁਦ ਦੁਕਾਨਦਾਰ ਦਾ ਅੰਦਰ ਜਾਣਾ ਵੀ ਖਤਰੇ ਤੋਂ ਘੱਟ ਨਹੀਂ ਹੈ। ਦੁਕਾਨਦਾਰਾਂ ਨੇ ਕਿਹਾ ਕਿ ਬਰਸਾਤੀ ਨਾਲਿਆਂ ਨੂੰ ਬੰਦ ਕਰਕੇ ਸੜਕ ਨੂੰ ਚੌੜਾ ਕਰਨ ਲਈ ਵਿਭਾਗ ਵੱਲੋਂ ਪੁੱਟ-ਪੁਟਾਈ ਕਰੀਬ ਛੇ ਮਹੀਨੇ ਪਹਿਲਾਂ ਸ਼ੁਰੂ ਕੀਤੀ ਗਈ ਸੀ, ਪ੍ਰੰਤੂ ਹੁਣ ਇੱਥੇ ਪਾਣੀ ਦੀ ਨਿਕਾਸੀ ਲਈ ਸੀਵਰੇਜ ਸਿਸਟਮ ਪਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਸੜਕ ਚੌੜੀ ਕਰਨ ਸਬੰਧੀ ਹੋਈ ਅਲਾਟਮੈਂਟ ਅਨੁਸਾਰ ਸੜਕ ਨੂੰ ਚੌੜਾ ਕਰਨ ਦਾ ਕੰਮ 6 ਮਹੀਨਿਆਂ ’ਚ ਮੁਕੰਮਲ ਹੋਣਾ ਚਾਹੀਦਾ ਸੀ, ਪ੍ਰੰਤੂ ਸਮਾਂ ਪੂਰਾ ਹੋਣ ਦੇ ਬਾਵਜੂਦ ਹਾਲੇ ਤੱਕ ਨਿਰਮਾਣ ਕਾਰਜ ਪੂਰਾ ਨਹੀਂ ਹੋਇਆ। ਇਸ ਕਾਰਨ ਜਿੱਥੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਸੜਕ ਦੇ ਕਿਨਾਰੇ ਸਥਿਤ ਦੁਕਾਨਦਾਰਾਂ ਦਾ ਵਪਾਰ ਵੀ ਠੱਪ ਹੋ ਚੁੱਕਿਆ ਹੈ। ਦੁਕਾਨਦਾਰਾਂ ਨੇਕਿਹਾ ਕਿ ਜੇਕਰ ਸੜਕ ਨਿਰਮਾਣ ਦੇ ਕੰਮ ’ਚ ਤੇਜ਼ੀ ਨਹੀਂ ਲਿਆਂਦੀ ਗਈ ਤਾਂ ਉਹ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਇਸ ਸਬੰਧੀ ਐੱਸ.ਡੀ.ਓ ਇੰਦਰਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇੱਥੇ ਸੀਵਰੇਜ ਪਾਉਣ ਦਾ ਕੰਮ ਚੱਲ ਰਿਹਾ ਹੈ।