ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 25 ਜਨਵਰੀ
ਬਜਰੰਗ ਦਲ ਤੇ ਵਪਾਰ ਮੰਡਲ ਦੇ ਆਗੂਆਂ ਨੇ ਕਾਲੀ ਦੇਵੀ ਮਾਤਾ ਮੰਦਰ ਪਟਿਆਲਾ ਵਿੱਚ ਸ਼ਰਾਰਤੀ ਅਨਸਰ ਵੱਲੋਂ ਕੀਤੀ ਗਈ ਕਥਿਤ ਬੇਅਦਬੀ ਦੇ ਰੋਸ ’ਚ ਅੱਜ ਇੱਥੇ ਗਊਸ਼ਾਲਾ ਚੌਕ ਵਿੱਚ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਬਜਰੰਗ ਦਲ ਦੇ ਰਾਸ਼ਟਰੀ ਪ੍ਰਧਾਨ ਹਿਤੇਸ਼ ਭਾਰਦਵਾਜ ਨੇ ਕਿਹਾ ਕਿ ਗੁਰੂ ਘਰਾਂ ’ਚ ਹੋਈ ਬੇਅਦਬੀ ਅਤੇ ਮੰਦਰ ਵਿੱਚ ਵਾਪਰੀ ਤਾਜ਼ੀ ਬੇਅਦਬੀ ਦੀ ਘਟਨਾ ਰਾਜਨੀਤਕ ਲੋਕ ਵੋਟਾਂ ਬਟੋਰਨ ਲਈ ਕਰਵਾ ਰਹੇ ਹਨ। ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਅਗਲੇ ਤਿੰਨ ਦਿਨਾਂ ਵਿੱਚ ਇਨ੍ਹਾਂ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਨਾ ਹੋਈ ਤਾਂ ਹਿੰਦੂ ਸਮਾਜ ਅਗਲਾ ਕਦਮ ਚੁੱਕਣ ਲਈ ਮਜਬੂਰ ਹੋਵੇਗਾ। ਇਸ ਮੌਕੇ ਹਨੀ ਕਾਂਸਲ ਪ੍ਰਧਾਨ ਵਪਾਰ ਮੰਡਲ ਤੇ ਰਿੰਪੀ ਸ਼ਰਮਾ ਮੀਤ ਪ੍ਰਧਾਨ ਭਾਜਪਾ ਮੰਡਲ ਨੇ ਸੰਬੋਧਨ ਕੀਤਾ। ਇਸ ਮੌਕੇ ਅਨਿਲ ਕੁਬਰਾ, ਸੰਜੀਵ ਪੁਰੀ, ਸੰਜੀਵ ਗਰਗ, ਕਰਨ ਗਰਗ, ਜੋਨੀ ਕਾਲੜਾ, ਸੁਧੀਰ ਗਰਗ, ਦੀਪੂ ਕਾਲੜਾ ਸ਼ਮਸ਼ੇਰ ਸਿੰਘ ਬੱਬੂ, ਅੰਕਿਤ ਐਡਵੋਕੇਟ ਆਦਿ ਹਾਜ਼ਰ ਸਨ।
ਦਿੜ੍ਹਬਾ ਮੰਡੀ (ਰਣਜੀਤ ਸਿੰਘ ਸ਼ੀਤਲ): ਪਟਿਆਲਾ ਵਿੱਚ ਕਾਲੀ ਮਾਤਾ ਦੇਵੀ ਵਿੱਚ ਕਥਿਤ ਬੇਅਦਬੀ ਦੇ ਰੋਸ ਵਜੋਂ ਅੱਜ ਇੱਥੇ ਦਿੱਲੀ-ਲੁਧਿਆਣਾ ਕੌਮੀ ਮਾਰਗ ’ਤੇ ਦਿੜ੍ਹਬਾ ਦੇ ਦੁਕਾਨਦਾਰਾਂ ਅਤੇ ਵਪਾਰੀਆਂ ਵੱਲੋਂ ਆਪਣੀਆਂ ਦੁਕਾਨਾਂ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਰਾਜੇਸ਼ ਕੁਮਾਰ ਹੈਪੀ ਦਿੜ੍ਹਬਾ, ਸਮਾਜ ਸੇਵੀ ਨੰਬਰਦਾਰ ਅਵਤਾਰ ਸਿੰਘ ਝਨੇੜੀ, ਜਥੇਦਾਰ ਗੁਰਮੇਲ ਸਿੰਘ ਦਿੜ੍ਹਬਾ, ਕਰਨ ਘੁਮਾਣ ਕੈਨੇਡਾ, ਐਮਸੀ ਰਾਜੇਸ਼ ਕੁਮਾਰ ਗੋਪ, ਭਗਵਾਨ ਸਿੰਘ ਢੰਡੋਲੀ ਕਲਾਂ, ਗੁਲਜ਼ਾਰੀ ਮੂਨਕ, ਸੁਖਵਿੰਦਰ ਸਿੰਘ ਵਿਰਕ, ਪ੍ਰਿਥੀ ਚੰਦ ਆਦਿ ਵੱਖ-ਵੱਖ ਬੁਲਾਰਿਆਂ ਵੱਲੋਂ ਇਸ ਘਟਨਾ ਦੀ ਨਿਖੇਧੀ ਕਰਦਿਆਂ ਪੰਜਾਬ ਸਰਕਾਰ ਅਤੇ ਪੁਲੀਸ ਤੋਂ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਕੇ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕੀਤੀ।
ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਜੇਕਰ ਸਰਕਾਰ ਅਤੇ ਪੁਲੀਸ ਪ੍ਰਸ਼ਾਸਨ ਵੱਲੋਂ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਇਹ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਸ਼ਹਿਰ ਵਾਸੀਆਂ ਵੱਲੋਂ ਐਸਡੀਐਮ ਦਿੜ੍ਹਬਾ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਕਰਨ ਘੁਮਾਣ ਕੈਨੇਡਾ, ਪ੍ਰਦੀਪ ਬੋਬੀ ਤੇ ਸ਼ੁਭਮ ਗਰਗ ਆਦਿ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।