ਪੱਤਰ ਪ੍ਰੇਰਕ
ਸ਼ੇਰਪੁਰ, 8 ਜੁਲਾਈ
ਸਰਕਾਰੀ ਹਸਪਤਾਲ ਸ਼ੇਰਪੁਰ ’ਚ 4 ਜੁਲਾਈ ਨੂੰ ਦੇਰ ਰਾਤ ਲਿਆਂਦੇ ਸ਼ੇਰਪੁਰ ਨਾਲ ਹੀ ਸਬੰਧਤ ਮਰੀਜ਼ ਮਨਜੀਤ ਸਿੰਘ ਧਾਮੀ ਨੂੰ ਬਿਨਾਂ ਕੋਈ ਮੁੱਢਲੀ ਸਹਾਇਤਾ ਦਿੱਤੇ ਮੋੜਨ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਐੱਸਐੱਮਓ ਕਿਰਪਾਲ ਸਿੰਘ ਨੇ ਉਸ ਰਾਤ ਦੇ ਡਿਊਟੀ ਅਮਲੇ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕਰ ਦਿੱਤੇ ਹਨ। ਵਿਭਾਗ ਦੇ ਅਧਿਕਾਰੀਆਂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਐੱਸਐੱਮਓ ਨੇ ਬਕਾਇਦਾ ਉਸ ਰਾਤ ਡਿਊਟੀ ਦੇਣ ਵਾਲੇ ਸਮੂਹ ਸਿਹਤ ਅਮਲੇ ਨੂੰ ‘ਕਾਰਨ ਦੱਸੋ’ ਨੋਟਿਸ ਜਾਰੀ ਕਰ ਕੇ ਜਵਾਬ ਮੰਗ ਲਿਆ ਹੈ। ਉਧਰ ਲੋਕ ਮੰਚ ਪੰਜਾਬ ਨਾਲ ਸਬੰਧਤ ਗੁਰਨਾਮ ਸਿੰਘ ਨੇ ਲੋਕ-ਪੱਖੀ ਸੰਘਰਸ਼ਾਂ ਦੇ ਮੁੱਦਈ ਸਮੂਹ ਜਨਤਕ ਜਥੇਬੰਦੀਆਂ ਤੇ ਰਾਜਸੀ ਆਗੂਆਂ ਨੂੰ 10 ਜੁਲਾਈ ਨੂੰ ਸ਼ੇਰਪੁਰ ਵਿੱਚ ਰੱਖੀ ਭਰਾਤਰੀ ਜਥੇਬੰਦੀਆਂ ਦੀ ਮੀਟਿੰਗ ਲਈ ਸੋਸ਼ਲ ਮੀਡੀਆ ਰਾਹੀਂ ਸੁਨੇਹੇ ਭੇਜੇ ਦਿੱਤੇ ਹਨ।