ਨਿਜੀ ਪੱਤਰ ਪ੍ਰੇਰਕ
ਸੰਗਰੂਰ, 13 ਦਸੰਬਰ
ਸਾਇੰਟੇਫਿਕ ਅਵੇਅਰਨੈੱਸ ਐਂਡ ਸੋਸ਼ਲ ਵੈਲਫ਼ੇਅਰ ਫੋਰਮ ਅਤੇ ਕੈਪਟਨ ਕਰਮ ਸਿੰਘ ਨਗਰ ਵੈਲਫੇਅਰ ਸੁਸਾਇਟੀ ਦੀ ਅਗਵਾਈ ਹੇਠ ਸਮਾਜ ਸੇਵੀਆਂ ਵੱਲੋਂ ਕੈਪਟਨ ਕਰਮ ਸਿੰਘ ਨਗਰ ਵਿੱਚ ਖੇਤੀ ਕਾਨੂੰਨਾਂ ਖ਼ਿਲਾਫ਼ ਅਤੇ ਕਿਸਾਨ ਸੰਘਰਸ਼ ਦੀ ਹਮਾਇਤ ਵਿੱਚ ਮਾਰਚ ਕੱਢਿਆ ਗਿਆ।
ਮਾਰਚ ਦੌਰਾਨ ਸਮਾਜ ਸੇਵੀ ਡਾ. ਏ.ਐੱਸ. ਮਾਨ, ਨਗਰ ਵੈਲਫੇਅਰ ਸੁਸਾਇਟੀ ਵੱਲੋਂ ਮੁਖਤਿਆਰ ਸਿੰਘ ਸਰਪ੍ਰਸਤ, ਰਜਿੰਦਰ ਕੁਮਾਰ ਪ੍ਰਧਾਨ, ਸਤਿੰਦਰਜੀਤ ਸਿੰਘ ਚੇਅਰਮੈਨ ਤੇ ਹਰੀਸ਼ ਕੁਮਾਰ ਖਜ਼ਾਨਚੀ ਆਦਿ ਨੇ ਕਿਹਾ ਕਿ ਜਿਹੜੀ ਕੇਂਦਰ ਸਰਕਾਰ ਹੁਣ ਤੱਕ ਖੇਤੀ ਕਾਨੂੰਨਾਂ ਨੂੰ ਕਿਸਾਨ ਹਿਤੈਸ਼ੀ ਹੋਣ ਦਾ ਰਾਗ ਅਲਾਪ ਰਹੀ ਸੀ ਉਹੀ ਸਰਕਾਰ ਹੁਣ ਇਨ੍ਹਾਂ ਕਾਨੂੰਨਾਂ ਵਿੱਚ ਸੋਧ ਕਰਨ ਲਈ ਤਿਆਰ ਹੋ ਗਈ ਹੈ ਜੋ ਕਿਸਾਨ ਸੰਘਰਸ਼ ਦੇ ਦਬਾਅ ਕਾਰਨ ਹੀ ਸਰਕਾਰ ਆਪਣੀ ਜ਼ਿੱਦ ਤੋਂ ਥੋੜਾ ਪਿੱਛੇ ਹਟੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਚੱਲ ਰਹੇ ਕਿਸਾਨ ਸੰਘਰਸ਼ ਨੂੰ ਦੇਸ਼-ਵਿਦੇਸ਼ ਤੋਂ ਵੱਡੀ ਹਮਾਇਤ ਹਾਸਲ ਹੋ ਰਹੀ ਹੈ ਜਿਸ ਕਾਰਨ ਕੇਂਦਰ ਸਰਕਾਰ ਉਪਰ ਲਗਾਤਾਰ ਦਬਾਅ ਵਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਰਤ ਬੰਦ ਨੂੰ ਮਿਲੇ ਸਫ਼ਲ ਹੁੰਗਾਰੇ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਦੇਸ਼ ਦੇ ਲੋਕ ਕੇਂਦਰ ਸਰਕਾਰ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਨਹੀਂ ਹਨ।
ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਦੇਸ਼ ਦੇ ਅੰਨਦਾਤੇ ਦੇ ਸੰਘਰਸ਼ ਨੂੰ ਨਜ਼ਰਅੰਦਾਜ ਕਰਕੇ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰ ਰਹੀ ਹੈ ਜੋ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਆਪਣੀ ਜ਼ਿੱਦ ਤਿਆਗ ਕੇ ਖੇਤੀ ਕਾਨੂੰਨ ਤੁਰੰਤ ਰੱਦ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਸਿਰਫ਼ ਕਿਸਾਨਾਂ ਦਾ ਹੀ ਨਹੀਂ ਸਗੋਂ ਹਰ ਵਰਗ ਦੇ ਲੋਕਾਂ ਨੂੰ ਇਸ ਸੰਘਰਸ਼ ਵਿੱਚ ਸ਼ਮੂਲੀਅਤ ਕਰਨੀ ਚਾਹੀਦੀ ਹੈ।
ਇਸ ਮੌਕੇ ਤਿਲਕ ਰਾਜ ਸਤੀਜਾ, ਲਾਜਪਤ ਰਾਏ, ਮਨੋਹਰ ਲਾਲ, ਡਾ. ਐਲ.ਡੀ. ਛਾਬੜਾ, ਨਰਿੰਦਰ ਸ਼ਰਮਾ, ਜਗਜੀਤ ਸਿੰਘ, ਮਿਲਾਪ ਸਿੰਘ, ਸੰਜੀਵ ਕੁਮਾਰ, ਕੇ. ਕੇ. ਵੋਹਰਾ, ਸਵਰਨਜੀਤ ਸਿੰਘ, ਰਛਪਾਲ ਸਿੰਘ, ਅਮਰਜੀਤ ਕੌਰ, ਜਸਵੀਰ ਕੌਰ, ਮਨਦੀਪ ਕੌਰ, ਬਲਜੀਤ ਕੌਰ, ਰਿੰਪੀ ਬਾਂਸਲ, ਰੇਨੂੰ ਬਾਲਾ, ਸਿਵਾਲੀ ਰਾਣੀ, ਸਵਰਨਜੀਤ ਕੌਰ, ਗੁਰਮੀਤ ਕੌਰ ਤੇ ਪੁਸ਼ਪਾ ਰਾਣੀ ਆਦਿ ਸ਼ਾਮਲ ਸਨ।