ਬੀਰਬਲ ਰਿਸ਼ੀ
ਸ਼ੇਰਪੁਰ, 11 ਨਵੰਬਰ
ਕਣਕ ਦੀ ਬਿਜਾਈ ਲਈ ਲੋੜੀਦੀ ਡੀਏਪੀ ਖਾਦ ਨੂੰ ਉਡੀਕਦੇ ਕਿਸਾਨਾਂ ਦੀ ਬਿਜਾਈ ਨੂੰ ਪਛੇਤ ਪੈਣ ਲੱਗੀ ਹੈ ਜਿਸ ਕਰਕੇ ਅੱਜ ਪਿੰਡ ਘਨੌਰੀ ਕਲਾਂ ਵਿੱਚ ਭਰਵੀਂ ਇਕੱਤਰਤਾ ਕਰਕੇ ਜਿੱਥੇ ਵਿਭਾਗ ’ਤੇ ਸੁਸਾਇਟੀਆਂ ਨੂੰ ਖਾਦ ਭੇਜੇ ਜਾਣ ਮੌਕੇ ਵਿਤਕਰੇਬਾਜ਼ੀ ਦੇ ਗੰਭੀਰ ਦੋਸ਼ ਲਗਾਏ ਗਏ, ਉੱਥੇ ਅੱਜ ਭਲਕ ਡੀਏਪੀ ਨਾ ਮਿਲਣ ’ਤੇ ਤਿੱਖਾ ਸੰਘਰਸ਼ ਵਿੱਢਣ ਦੀ ਚਿਤਾਵਨੀ ਦਿੱਤੀ ਗਈ।
ਕੋਆਪਰੇਟਿਵ ਸੁਸਾਇਟੀ ਘਨੌਰੀ ਖੁਰਦ ਦੇ ਉਪ-ਪ੍ਰਧਾਨ ਪਰਗਟ ਸਿੰਘ ਚਹਿਲ ਨੇ ਦਾਅਵਾ ਕੀਤਾ ਕਿ ਘਨੌਰੀ ਕਲਾਂ ਦੇ ਨਿਰਮਲ ਸਿੰਘ ਦੀ ਤਕਰੀਬਨ 8 ਏਕੜ, ਕਰਮਜੀਤ ਸਿੰਘ ਦੀ 4 ਏਕੜ, ਦਲਵਾਰਾ ਸਿੰਘ ਦੀ 4 ਏਕੜ, ਪਰਗਟ ਸਿੰਘ ਦੀ 4 ਏਕੜ, ਹਰਮੀਤ ਸਿੰਘ 3 ਏਕੜ, ਸਿੰਗਾਰਾ ਸਿੰਘ ਦੀ ਤਕਰੀਬਨ 4 ਏਕੜ ਸਮੇਤ ਕਈ ਹੋਰ ਕਿਸਾਨਾਂ ਨੇ 1 ਵਿੱਘਾ ਵੀ ਕਣਕ ਨਹੀਂ ਬੀਜੀ। ਮਾਸਟਰ ਕੁਲਵੰਤ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਡੀਏਪੀ ਦੀ ਵੰਡ ਦਾ ਸਿਆਸੀਕਰਨ ਹੋਇਆ ਹੈ ਜਿਸ ਦੀ ਉਚ ਪੱਧਰੀ ਜਾਂਚ ਹੋਣੀ ਚਹੀਦੀ ਹੈ। ਸੁਸਾਇਟੀ ਦੇ ਮੈਂਬਰ ਅਮਰੀਕ ਸਿੰਘ ਅਤੇ ਗੁਰਮੁਖ ਸਿੰਘ ਨੇ ਦੱਸਿਆ ਕਿ ਜੇਕਰ ਲੋਕਾਂ ਨੂੰ ਡੀਏਪੀ ਤੁਰੰਤ ਨਾ ਮਿਲਿਆ ਤਾਂ ਤਿੱਖਾ ਸੰਘਰਸ਼ ਅਰੰਭਿਆ ਜਾਵੇਗਾ।
ਵਿਤਕਰੇਬਾਜ਼ੀ ਦੇ ਦੋਸ਼ ਬੇਬੁਨਿਆਦ: ਸਹਾਇਕ ਰਜਿਸਟਰਾਰ
ਸਹਾਇਕ ਰਜਿਸਟਰਾਰ ਸੋਨੂੰ ਮਹਾਜਨ ਨੇ ਦੱਸਿਆ ਕਿ ਅੱਜ ਦੇ ਰੈਕ ਵਿੱਚੋਂ ਇੱਕ ਟਰੱਕ ਘਨੌਰੀ ਖੁਰਦ ਨੂੰ ਆਉਣਾ ਸੀ, ਪਰ ਸੁਨਾਮ ਵਿੱਚ ਕਿਸਾਨਾਂ ਦੇ ਸੰਘਰਸ਼ ਕਾਰਨ ਮਾਲ ਰੁਕਿਆ ਹੋਇਆ ਹੈ। ਵਿਤਕਰੇਬਾਜ਼ੀ ਦੇ ਦੋਸ਼ਾਂ ਨੂੰ ਨਕਾਰਦਿਆਂ ਉਨ੍ਹਾਂ ਕਿਹਾ ਕਿ ਕਈ ਸੁਸਾਇਟੀਆਂ ਨੇ ਪਹਿਲਾਂ ਪੈਸੇ ਭਰ ਕੇ ਆਰਡਰ ਕੀਤੇ ਸਨ, ਜਿਨ੍ਹਾਂ ਨੂੰ ਵੱਧ ਮਾਤਰਾ ਵਿੱਚ ਡੀਏਪੀ ਮਿਲਿਆ ਹੈ।