ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 1 ਨਵੰਬਰ
ਡਿਪਟੀ ਕਮਿਸ਼ਨਰ ਦੀ ਰਹਿਨੁਮਾਈ ਹੇਠ ਅਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਦੇ ਉਦਮ ਸਦਕਾ ਖੇਤੀਬਾੜੀ ਵਿਭਾਗ ਦੀ ਏਜੰਸੀ ਆਤਮਾ ਵਲੋਂ ਹਫ਼ਤਾਵਰੀ ਆਰਗੈਨਿਕ ਕਿਸਾਨ ਮੰਡੀ ‘ਪਹਿਲ’ ਸ਼ਹਿਰ ਦੇ ਸਿਟੀ ਪਾਰਕ ਦੇ ਬਾਹਰ ਲਗਾਈ ਗਈ। ਇਸ ਵਿਚ ਆਰਗੈਨਿਕ ਫਾਰਮਿੰਗ ਵਾਲੇ ਕਈ ਕਿਸਾਨਾਂ ਵਲੋਂ ਆਪਣੇ ਆਰਗੈਨਿਕ ਪ੍ਰੋਡਕਟਾਂ ਦੀਆਂ ਸਟਾਲਾਂ ਲਗਾਈਆਂ ਗਈਆਂ। ਆਰਗੈਨਿਕ ਫਾਰਮਿੰਗ ਸੁਸਾਇਟੀ ਦੇ ਪ੍ਰਧਾਨ ਡਾ. ਏਐੱਸ ਮਾਨ ਨੇ ਦੱਸਿਆ ਕਿ ਆਰਗੈਨਿਕ ਕਿਸਾਨ ਮੰਡੀ ‘ਪਹਿਲ’ ਹਰ ਐਤਵਾਰ ਸ਼ਾਮ ਤਿੰਨ ਵਜੇ ਲਗਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਆਰਗੈਨਿਕ ਫਾਰਮਿੰਗ ਵਾਲੇ ਕਿਸਾਨਾਂ ਵੱਲੋਂ ਲਿਆਂਦੇ ਉਤਪਾਦਾਂ ਵਿਚ ਮਾਨਾਂ ਪਿੰਡ ਵਾਲੇ ਕਿਸਾਨ ਦਾ ਘਰ ਬਣਾਇਆ ਖੋਆ, ਸ਼ਹਿਦ, ਸਰ੍ਹੋਂ ਦਾ ਤੇਲ, ਦਲੀਆ, ਸ਼ੱਕਰ, ਆਚਾਰ ਆਦਿ ਮੌਜੂਦ ਸੀ। ਸ੍ਰੀ ਮਾਨ ਨੇ ਦੱਸਿਆ ਕਿ ਸ਼ਹਿਰ ਦੇ ਲੋਕਾਂ ਨੇ ਸਟਾਲਾਂ ਤੋਂ ਭਰਵੀਂ ਖਰੀਦੋ ਫਰੋਖਤ ਕੀਤੀ ਅਤੇ ਕਿਸਾਨਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸੂਬਾਈ ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ, ਇੰਜ. ਪ੍ਰਵੀਨ ਬਾਂਸਲ, ਅਰੁਣ ਬਿੰਦੂ ਗੋਇਲ, ਨਰਿੰਦਰ ਸਿੰਘ, ਸੁਖਵਿੰਦਰ ਸਿੰਘ ਆਦਿ ਸ਼ਾਮਲ ਸਨ।