ਗੁਰਦੀਪ ਸਿੰਘ ਲਾਲੀ/ਰਮੇਸ਼ ਭਾਰਦਵਾਜ
ਸੰਗਰੂਰ ਲਹਿਰਾਗਾਗਾ, 25 ਜੁਲਾਈ
ਵਿਦਿਆਰਥੀਆਂ ਦੀ ਸੋਚ ਵਿਗਿਆਨਕ ਬਣਾਉਣ ਹਿੱਤ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਚੌਥੀ ਰਾਜ ਪੱਧਰੀ ਦੋ ਦਿਨਾ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਕਰਵਾਈ ਗਈ। ਅੱਜ ਦੂਜੇ ਦਿਨ ਸੰਗਰੂਰ ਜ਼ੋਨ ਦੇ 34 ਪ੍ਰੀਖਿਆ ਕੇਂਦਰਾਂ ਵਿਚ ਪ੍ਰੀਖਿਆ ਹੋਈ। ਜ਼ੋਨ ਜਥੇਬੰਦਕ ਮੁਖੀ ਮਾਸਟਰ ਪਰਮਵੇਦ, ਤਰਕਸ਼ੀਲ ਆਗੂ ਚਰਨ ਕਮਲ ਸਿੰਘ ਤੇ ਇਕਾਈ ਮੁਖੀ ਸੁਰਿੰਦਰਪਾਲ ਉਪਲੀ ਨੇ ਦੱਸਿਆ ਕਿ ਇਤਿਹਾਸਕ ਕਿਸਾਨੀ ਸੰਘਰਸ਼ ਨੂੰ ਸਮਰਪਿਤ 24 ਤੇ 25 ਜੁਲਾਈ ਨੂੰ ਕਰਵਾਈ ਇਸ ਪ੍ਰੀਖਿਆ ਵਿੱਚ ਅੱਜ ਜ਼ੋਨ ਸੰਗਰੂਰ- ਬਰਨਾਲਾ ਦੇ 34 ਪ੍ਰੀਖਿਆ ਕੇਂਦਰਾਂ ਵਿੱਚ ਅਤੇ ਸੰਗਰੂਰ ਇਕਾਈ ਦੇ 3 ਪ੍ਰੀਖਿਆ ਕੇਦਰਾਂ ਵਿੱਚ ਪ੍ਰੀਖਿਆ ਕਰਵਾਈ। ਇਸ ਪ੍ਰੀਖਿਆ ਵਿੱਚ ਮਿਡਲ ਪੱਧਰ ਦੇ 917, ਸੈਕੰਡਰੀ ਪੱਧਰ ਦੇ 652 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਤਰਕਸ਼ੀਲ ਸੁਸਾਇਟੀ ਲਹਿਰਾਗਾਗਾ ਇਕਾਈ ਵੱਲੋਂ ਵੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਖੋਰਾ ਕਲਾਂ ਵਿਖੇ ਚੇਤਨਾ ਪਰਖ ਪ੍ਰੀਖਿਆ ਕਰਵਾਈ ਗਈ।
ਇਕਾਈ ਦੇ ਜਥੇਬੰਦਕ ਮੁਖੀ ਮਾਸਟਰ ਹਰਭਗਵਾਨ ਗੁਰਨੇ ਨੇ ਦੱਸਿਆ ਵਿਦਿਆਰਥੀਆਂ ਵਿੱਚ ਵਿਗਿਆਨਕ ਦ੍ਰਿਸ਼ਟੀਕੋਣ ਵਿਕਸਤ ਕਰਨਾ ਇਸ ਪ੍ਰੀਖਿਆ ਦਾ ਮੂਲ ਉਦੇਸ਼ ਹੈ। ਵਿਗਿਆਨਕ ਦ੍ਰਿਸ਼ਟੀਕੋਣ ਵਾਸਤੇ ਚੇਤਨਾ ਦੀ ਲੋੜ ਹੁੰਦੀ ਹੈ। ਚੇਤਨਾ ਹੀ ਵਿਗਿਆਨਕ ਦ੍ਰਿਸ਼ਟੀਕੋਣ ਪੈਦਾ ਕਰਕੇ ਅੱਗੇ ਤਰਕਸ਼ੀਲ ਸਮਾਜ ਨੂੰ ਜਨਮ ਦਿੰਦੀ ਹੈ। ਇਸ ਕਰ ਕੇ ਵਹਿਮਾਂ ਭਰਮਾਂ ਵਿੱਚ ਗ੍ਰਸਿਆ ਸਮਾਜ ਕਦੀ ਵੀ ਤਰੱਕੀ ਨਹੀਂ ਕਰ ਸਕਦਾ।