ਰਮੇਸ਼ ਭਾਰਦਵਾਜ
ਲਹਿਰਾਗਾਗਾ, 15 ਨਵੰਬਰ
ਇਥੇ ਪਾਤੜਾਂ ਮੁੱਖ ਸੜਕ ’ਤੇ ਪਿੰਡ ਖੰਡੇਬਾਦ ਕੋਲ ਪਰਾਲੀ ਦੀਆਂ ਗੱਠਾਂ ਤੋਂ ਸੀਐਨਜੀ ਬਣਾਉਣ ਵਾਲੀ ਵਰਵੀਓ ਫੈਕਟਰੀ ਦੇ ਅੱਠ ਏਕੜ ’ਚ ਖੁੱਲ੍ਹੇ ਸਟੋਰ ’ਚ ਪਰਾਲੀ ਦੀਆਂ ਗੱਠਾਂ ਨੂੰ ਰਾਤ 12 ਵਜੇ ਅਨਾਚਕ ਅੱਗ ਲੱਗ ਗਈ। ਇਸ ਕਰਕੇ ਜ਼ਿਲ੍ਹੇ ਭਰ ਤੇ ਗੁਆਂਢੀ ਸੂਬੇ ਹਰਿਆਣਾ ਤੋਂ ਪੰਜ ਛੇ ਫਾਇਰ ਬ੍ਰਿਗੇਡ ਗੱਡੀਆਂ ਅੱਗ ਬੁਝਾਉਣ ਪਹੁੰਚੀਆਂ ਪਰ ਖਬਰ ਲਿਖੇ ਜਾਣ ਤੱਕ ਅੱਗ ਨੂੰ ਬੁਝਾਉਣ ਲਈ ਜੱਦੋ ਜਹਿਦ ਜਾਰੀ ਸੀ।
ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਲੋਕਲ ਐੱਸਡੀਐੱਮ ਨਵਨੀਤ ਕੌਰ ਦੇ ਛੁੱਟੀ ’ਤੇ ਜਾਣ ਕਰਕੇ ਸੁਨਾਮ ਦੇ ਐੱਸਡੀਐੱਮ ਜਸਪ੍ਰੀਤ ਸਿੰਘ, ਬੀਡੀਓ ਕਵਿਤਾ ਗਰਗ, ਥਾਣਾ ਸਦਰ ਦੇ ਇੰਸਪੈਕਟਰ ਵਿਜੈ ਕੁਮਾਰ ਦੀ ਅਗਵਾਈ ’ਚ ਅੱਗ ਬੁਝਾਉਣ ਦੀ ਦੇਖ ਰੇਖ ਕਰ ਰਹੇ ਸਨ ਪਰ ਰਾਤ ਦੀ ਅੱਗ ਲਗਾਤਾਰ ਸੁਲਘਣ ਕਰਕੇ ਸ਼ਾਮ ਚਾਰ ਵਜੇ ਤੱਕ ਅੱਗ ਬੁਝਾਉਣ ਦਾ ਕੰਮ ਜਾਰੀ ਸੀ। ਉਧਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮੀਤ ਪ੍ਰਧਾਨ ਜਨਕ ਸਿੰਘ ਭੁੂਟਾਲ ਅਤੇ ਬੀਕੇਯੂ ਏਕਤਾ ਸਿੱਧੂਪੁਰ ਦੇ ਬਲਾਕ ਪ੍ਰਧਾਨ ਗੁਰਲਾਲ ਸਿੰਘ ਜਲੂੁਰ ਨੇ ਕਿਹਾ ਕਿ ਕਾਰਪੋਰੇਟਰਾਂ ਦੇ ਸਟੋਰ ਨੂੰ ਅੱਗ ਲੱਗਣ ਕਰਕੇ ਪੂਰਾ ਪ੍ਰਸ਼ਾਸਨ ਪੱਬਾਂ ਭਾਰ ਹੈ ਪਰ ਜਦੋਂ ਕਿਸੇ ਕਿਸਾਨ ਦੀ ਫਸਲ ਨੂੰ ਅੱਗ ਲੱਗਦੀ ਹੈ ਤਾਂ ਅੱਗ ’ਤੇ ਕਾਬੂ ਪਾ ਲਏ ਜਾਣ ਮਗਰੋਂ ਹੀ ਪ੍ਰਸ਼ਾਸਨ ਹਰਕਤ ’ਚ ਆਉਂਦਾ ਹੈ। ਫੈਕਟਰੀ ਦੇ ਮੈਨੇਜਰ ਹਰਦੀਪ ਸਿੰਘ ਨੇ ਦੱਸਿਆ ਕਿ ਰਾਤ 12 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ। ਅੱਗ ਨਾਲ ਹੋਏ ਨੁਕਸਾਨ ਬਾਰੇ ਬਾਅਦ ’ਚ ਪਤਾ ਲੱਗੇਗਾ।