ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 31 ਅਕਤੂਬਰ
ਸੁਨਾਮ ਵਿੱਚ ਚੱਲ ਰਹੇ ਕਿਸਾਨੀ ਮੋਰਚਿਆਂ ਵਿਚ ਪਰਾਲੀ ਸਾੜਨ ਬਦਲੇ ਇਕ ਕਰੋੜ ਰੁਪਏ ਜੁਰਮਾਨੇ ਖ਼ਿਲਾਫ਼ ਕੇਂਦਰ ਸਰਕਾਰ ਦੀ ਜ਼ਬਰਦਸਤ ਨਿੰਦਾ ਕੀਤੀ ਕੀਤੀ ਗਈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜ਼ਿਲ੍ਹਾ ਜਰਨਲ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਕਿਹਾ ਕਿ ਹੁਣ ਕੇਂਦਰ ਸਰਕਾਰ ਨਾਲ ਆਰ ਪਾਰ ਦੀ ਲੜਾਈ ਲੜੀ ਜਾਵੇਗੀ।
ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਪੰਜਾਬ ਨੂੰ ਆਉਣ ਵਾਲੀਆਂ ਰੇਲਾਂ ਬੰਦ ਕਰਕੇ ਕਿਸਾਨੀ ਸੰਘਰਸ਼ਾਂ ਨੂੰ ਦਬਾਉਣਾ ਚਾਹੁੰਦੀ ਹੈ ਪਰ ਕੇਂਦਰ ਸਰਕਾਰ ਦੀ ਇਹ ਗਲਤਫਹਿਮੀ ਹੈ ਸੰਘਰਸ਼ ਦੱਬ ਜਾਵੇਗਾ। ਉਨਾਂ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਲਈ ਇਕ ਹੋਰ ਕਾਲਾ ਕਾਨੂੰਨ ਬਣਾ ਦਿੱਤਾ ਹੈ, ਜਿਸ ਤਹਿਤ ਪਰਾਲੀ ਸਾੜਨ ਲਈ ਇੱਕ ਕਰੋੜ ਜੁਰਮਾਨਾ ਅਤੇ ਪੰਜ ਸਾਲ ਦੀ ਕੈਦ ਦੀ ਵਿਵਸਥਾ ਕੀਤੀ ਗਈ ਹੈ। ਆਗੂਆਂ ਨੇ ਚਿਤਾਵਨੀ ਭਰੇ ਸੁਰ ਵਿੱਚ ਕਿਹਾ ਕੇਂਦਰ ਅਜਿਹੇ ਕਾਨੂੰਨ ਬਣਾ ਕੇ ਅੱਤ ਨਾ ਕਰੇ, ਇਸ ਦਾ ਅੰਜ਼ਾਮ ਬਹੁਤ ਬੁਰਾ ਹੋਵੇਗਾ ਉਨ੍ਹਾਂ ਕਿਹਾ ਕਿ ਕਿਸਾਨ ਤਾਂ ਸਾਲ ਵਿਚ ਕੇਵਲ 8 ਫੀਸਦੀ ਪ੍ਰਦੂਸ਼ਣ ਕਰਦਾ ਹੈ ਜਦੋਂ ਕਿ 92 ਫੀਸਦੀ ਪ੍ਰਦੂਸ਼ਨ ਹੋਰ ਅਦਾਰੇ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਸਲਾਮਤੀ ਚਾਹੁੰਦੀ ਹੈ ਤਾਂ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਵਾਪਸ ਲੈ ਲਵੇ ਨਹੀਂ ਤੇ ਸੰਘਰਸ਼ ਨੂੰ ਦਬਾਉਣਾ ਕੇਂਦਰ ਸਰਕਾਰ ਲਈ ਔਖਾ ਹੋ ਜਾਵੇਗਾ।
ਇਸ ਮੌਕੇ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ, ਰਾਮ ਸਰਨ ਸਿੰਘ ਉਗਰਾਹਾਂ, ਪਾਲ ਸਿੰਘ ਦੌਲੇਵਾਲਾ, ਸੁਖਪਾਲ ਮਾਣਕ ਕਣਕਵਾਲੀਆ, ਗੋਬਿੰਦ ਸਿੰਘ ਚੱਠੇ, ਗੁਰਮੇਲ ਸ਼ਾਹਪੁਰ, ਮਹਿੰਦਰ ਨਮੋਲ ਅਤੇ ਹੈਪੀ ਨਮੋਲ ਆਦਿ ਹਾਜ਼ਰ ਸਨ।