ਰਮੇਸ਼ ਭਾਰਦਵਾਜ
ਲਹਿਰਾਗਾਗਾ, 3 ਨਵੰਬਰ
ਇੱਥੋਂ ਦੀ ਪੁਰਾਣੀ ਅਤੇ ਨਵੀਂ ਅਨਾਜ ਮੰਡੀ ਵਿਚ ਲਾਵਾਰਿਸ ਪਸ਼ੂਆਂ ਨੇ ਝੋਨਾ ਵੇਚਣ ਆਉਂਦੇ ਕਿਸਾਨਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ ਅਤੇ ਉਨ੍ਹਾਂ ਨੂੰ ਮੰਡੀ ਵਿਚ ਵੱਡੀ ਗਿਣਤੀ ’ਚ ਘੁੰਮਦੇ ਲਾਵਾਰਿਸ ਪਸ਼ੂਆਂ ਤੋਂ 24 ਘੰਟੇ ਆਪਣੀ ਫ਼ਸਲ ਦੀ ਰਾਖੀ ਕਰਨੀ ਪੈ ਰਹੀ ਹੈ।
ਅਨਾਜ ਮੰਡੀ ਵਿਚ ਬੈਠੇ ਕਿਸਾਨ ਬੇਅੰਤ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਗੁਰਲਾਲ ਸਿੰਘ ਜਲੂਰ ਨੇ ਦੱਸਿਆ ਕਿ ਕਿਸਾਨਾਂ ਨੂੰ ਖੁਦ ਖੇਤਾਂ ਤੇ ਅਨਾਜ ਮੰਡੀਆਂ ’ਚ ਝੋਨੇ ਨੂੰ ਲਾਵਾਰਿਸ ਪਸ਼ੂਆਂ ਅਤੇ ਚੋਰਾਂ ਤੋਂ ਬਚਾਉਣ ਲਈ 24 ਘੰਟੇ ਰਾਖੀ ਖੁਦ ਕਰਨੀ ਪੈ ਰਹੀ ਹੈ। ਮਾਰਕੀਟ ਕਮੇਟੀ ਜਾਂ ਆੜ੍ਹਤੀਏ ਕੋਈ ਪ੍ਰਬੰਧ ਨਹੀਂ ਕਰਦੇ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਲਾਵਾਰਿਸ ਪਸ਼ੂਆਂ ਨੂੰ ਮੰਡੀ ਵਿੱਚੋਂ ਬਾਹਰ ਭਜਾ ਕੇ ਆਉਂਦੇ ਹਨ ਪਰ ਇਹ ਪਸ਼ੂ ਝਕਾਨੀ ਦੇ ਕੇ ਮੁੜ ਮੰਡੀ ਵਿਚ ਵੜ ਆਉਂਦੇ ਹਨ। ਮੰਡੀ ਵਿਚ ਝੋਨੇ ਲੈ ਕੇ ਆਏ ਕਿਸਾਨਾਂ ਨੇ ਕਿਹਾ ਕਿ ਅਨਾਜ ਮੰਡੀ ਵਿੱਚ ਜਿਣਸ ਨੂੰ ਲਾਵਾਰਿਸ ਪਸ਼ੂਆਂ ਅਤੇ ਜਾਨਵਰਾਂ ਤੋਂ ਬਚਾਉਣਾ ਆੜ੍ਹਤੀਆਂ ਤੇ ਮਾਰਕੀਟ ਕਮੇਟੀ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਦੱਸਿਆ ਕਿ ਕੁਝ ਵਰ੍ਹੇ ਪਹਿਲਾਂ ਮਾਰਕੀਟ ਕਮੇਟੀ ਮੰਡੀ ਵਿੱਚੋਂ ਪਸ਼ੂਆਂ ਨੂੰ ਬਾਹਰ ਕੱਢਣ ਲਈ ਬਾਕਾਇਦਾ ਇਕ ਕਰਮਚਾਰੀ ਕੈਟਲ ਸਕੇਅਰਰ ਦੀ ਨਿਯੁਕਤ ਕਰਦੀ ਸੀ ਪਰ ਹੁਣ ਕਿਸਾਨਾਂ ਨੂੰ ਆਪਣੀ ਫ਼ਸਲ ਦੀ ਰਾਖੀ ਆਪ ਕਰਨੀ ਪੈਂਦੀ ਹੈ। ਮਾਰਕੀਟ ਕਮੇਟੀ ਦੇ ਸੀਨੀਅਰ ਅਕਾਊਂਟੈਂਟ ਰਣਧੀਰ ਸਿੰਘ ਖਾਲਸਾ ਨੇ ਕਿਹਾ ਕਿ ਪਹਿਲਾਂ ਮਾਰਕੀਟ ਕਮੇਟੀ ਵਿੱਚ ਲਾਵਾਰਿਸ ਪਸ਼ੂਆਂ ਨੂੰ ਭਜਾਉਣ ਲਈ ਕੈਟਲ ਸਕੇਅਰਰ ਦੀ ਆਸਾਮੀ ਹੁੰਦੀ ਸੀ ਪਰ ਦੋ ਦਹਾਕੇ ਤੋਂ ਵੱਧ ਸਮੇਂ ਤੋਂ ਇਹ ਆਸਾਮੀ ਖ਼ਤਮ ਕਰ ਦਿੱਤੀ ਗਈ ਹੈ।