ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 16 ਸਤੰਬਰ
ਤਨਖਾਹਾਂ ਨਾ ਮਿਲਣ ਤੋਂ ਰੋਹ ਵਿਚ ਆਏ ਸਫ਼ਾਈ ਸੇਵਕਾਂ ਨੇ ਕੰਮਕਾਜ ਠੱਪ ਕਰ ਕੇ ਹੜਤਾਲ ਸ਼ੁਰੂ ਕਰ ਦਿੱਤੀ ਹੈ ਅਤੇ ਨਗਰ ਕੌਂਸਲ ਦਫ਼ਤਰ ਅੱਗੇ ਰੋਸ ਧਰਨਾ ਦਿੰਦਿਆਂ ਪੰਜਾਬ ਸਰਕਾਰ ਅਤੇ ਨਗਰ ਕੌਂਸਲ ਅਧਿਕਾਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਹੜਤਾਲੀ ਸਫ਼ਾਈ ਸੇਵਕਾਂ ਨੇ ਐਲਾਨ ਕੀਤਾ ਕਿ ਜਦੋਂ ਤੱਕ ਤਨਖਾਹ ਜਾਰੀ ਨਹੀਂ ਹੋਵੇਗੀ, ਉਦੋਂ ਤੱਕ ਹੜਤਾਲ ਜਾਰੀ ਰਹੇਗੀ। ਧਰਨੇ ਨੂੰ ਸੰਬੋਧਨ ਕਰਦਿਆਂ ਸਫ਼ਾਈ ਸੇਵਕ ਯੂਨੀਅਨ ਸੰਗਰੂਰ ਦੇ ਪ੍ਰਧਾਨ ਅਜੇ ਬੇਦੀ ਅਤੇ ਜ਼ਿਲ੍ਹਾ ਚੇਅਰਮੈਨ ਭਾਰਤ ਬੇਦੀ ਨੇ ਕਿਹਾ ਕਿ ਨਗਰ ਕੌਂਸਲ ’ਚ ਕੁੱਲ 234 ਸਫ਼ਾਈ ਸੇਵਕ ਕੰਮ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ 117 ਪੱਕੇ ਸਫ਼ਾਈ ਸੇਵਕਾਂ ਅਤੇ 30 ਕੱਚੇ ਸਫ਼ਾਈ ਸੇਵਕਾਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਜਦੋਂ ਨਗਰ ਕੌਂਸਲ ਦੇ ਅਧਿਕਾਰੀਆਂ ਵਲੋਂ ਤਨਖਾਹ ਜਾਰੀ ਕਰਨ ਸਬੰਧੀ ਕੋਈ ਹਾਂ ਪੱਖੀ ਹੁੰਗਾਰਾ ਨਾ ਭਰਿਆ ਤਾਂ ਹੜਤਾਲ ਲਈ ਮਜਬੂਰ ਹੋਣਾ ਪਿਆ ਹੈ ਕਿਉਂਕਿ ਬਗੈਰ ਤਨਖਾਹਾਂ ਤੋਂ ਗੁਜ਼ਾਰਾ ਕਰਨਾ ਬੇਹੱਦ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਕੋਲ ਹੋਰ ਕੰਮਾਂ ਲਈ ਫੰਡਜ਼ ਮੌਜੂਦ ਹਨ ਪਰੰਤੂ ਸਫ਼ਾਈ ਸੇਵਕਾਂ ਦੀ ਤਨਖਾਹ ਦੇਣ ਲਈ ਫੰਡ ਨਹੀਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਸਫ਼ਾਈ ਸੇਵਕਾਂ ਨੂੰ ਤਨਖਾਹ ਦੇਣ ਲਈ ਲਗਾਤਾਰ ਟਾਲ ਮਟੋਲ ਕੀਤੀ ਜਾ ਰਹੀ ਹੈ। ਸਫ਼ਾਈ ਸੇਵਕਾਂ ਨੂੰ ਭਾਰੀ ਆਰਥਿਕ ਤੰਗੀਆਂ ਤੁਰਸੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਨਗਰ ਕੌਂਸਲ ਅਧਿਕਾਰੀਆਂ ਵਲੋਂ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਹੜਤਾਲ ਕਾਰਨ ਸ਼ਹਿਰ ਵਿਚ ਸਫ਼ਾਈ ਦੇ ਪ੍ਰਬੰਧ ਠੱਪ ਹੋ ਗਏ ਹਨ ਜਿਸਦੇ ਲਈ ਪ੍ਰਸ਼ਾਸਨ ਅਤੇ ਨਗਰ ਕੌਂਸਲ ਅਧਿਕਾਰੀ ਜ਼ਿੰਮੇਵਾਰ ਹਨ। ਹੜਤਾਲ ਦੇ ਮੱਦੇਨਜ਼ਰ ਭਾਵੇਂ ਨਗਰ ਕੌਂਸਲ ਦੇ ਈ.ਓ. ਵਲੋਂ ਸਫ਼ਾਈ ਸੇਵਕ ਯੂਨੀਅਨ ਦੇ ਆਗੂਆਂ ਨਾਲ ਮੀਟਿੰਗ ਵੀ ਕੀਤੀ ਗਈ ਪਰ ਕੋਈ ਹੱਲ ਨਹੀਂ ਨਿਕਲਿਆ ਜਿਸ ਤੋਂ ਬਾਅਦ ਸਫ਼ਾਈ ਸੇਵਕਾਂ ਵਲੋਂ ਹੜਤਾਲ ਜਾਰੀ ਰੱਖਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਤਨਖਾਹ ਜਾਰੀ ਨਹੀਂ ਕੀਤੀ ਜਾਂਦੀ, ਉਦੋਂ ਤੱਕ ਹੜਤਾਲ ਜਾਰੀ ਰਹੇਗੀ।