ਹਰਦੀਪ ਸਿੰਘ ਸੋਢੀ
ਧੂਰੀ, 2 ਸਤੰਬਰ
ਸੰਗਰੂਰ ਚੈਂਬਰ ਆਫ਼ ਕਾਮਰਸ ਦੀ ਸ਼ਾਖਾ ਧੂਰੀ ਵੱਲੋਂ ਪ੍ਰਧਾਨ ਦਰਸ਼ਨ ਸਿੰਘ ਦੀ ਅਗਵਾਈ ਹੇਠ ਸਥਾਨਕ ਨਗਰ ਕੌਂਸਲ ਦਫਤਰ ਅੱਗੇ ਧਰਨਾ ਦਿੰਦਿਆਂ ਕਾਰਜਸਾਧਕ ਅਫ਼ਸਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਚੈਂਬਰ ਦੇ ਜਨਰਲ ਸਕੱਤਰ ਅੰਮ੍ਰਿਤ ਗਰਗ ਰਿੰਕੂ ਨੇ ਕਾਰਜਸਾਧਕ ਅਫ਼ਸਰ ਧੂਰੀ ’ਤੇ ਮਾੜਾ ਵਿਹਾਰ ਕਰਨ ਦੇ ਦੋਸ਼ ਲਗਾਉਦਿਆਂ ਕਿਹਾ ਕਿ ਉਹ ਨਗਰ ਕੌਂਸਲ ਵਿੱਚ ਕੰਮਕਾਜ ਸਬੰਧੀ ਕਾਰਜ ਸਾਧਕ ਅਫ਼ਸਰ ਕੋਲ ਆਏ ਸੀ। ਕਾਰਜਸਾਧਕ ਅਫ਼ਸਰ ਵੱਲੋਂ ਗੱਲ ਸੁਨਣ ਦੀ ਥਾਂ ਸਾਨੂੰ ਅਣਗੌਲਿਆ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਾਰਜਸਾਧਕ ਅਫ਼ਸਰ ਗੱਲ ਸੁਣੇ ਬਗੈਰ ਹੀ ਕਮਰੇ ’ਚੋਂ ਉਠ ਕੇ ਕੌਂਸਲ ਪ੍ਰਧਾਨ ਦੇ ਕਮਰੇ ਵਿੱਚ ਉਠ ਕੇ ਚਲੇ ਗਏ। ਇਸ ਦੇ ਰੋਸ ਵਜੋਂ ਅੱਜ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ ਹੈ ਅਤੇ ਇਹ ਧਰਨਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕਾਰਜਸਾਧਕ ਅਫਸਰ ਦਾ ਤਬਾਦਲਾ ਨਹੀਂ ਕੀਤਾ ਜਾਂਦਾ। ਧਰਨੇ ਦੌਰਾਨ ਕੁੱਝ ਕੌਂਸਲਰਾਂ ਵੱਲੋਂ ਸਾਲਸ ਦੀ ਭੂਮਿਕਾ ਨਿਭਾਉਂਦੇ ਹੋਏ ਪ੍ਰਦਰਸ਼ਨਕਾਰੀਆਂ ਅਤੇ ਕਾਰਜਸਾਧਕ ਅਫਸਰ ਦਰਮਿਆਨ ਪੈਦਾ ਹੋਏ ਮਤਭੇਦ ਨੂੰ ਸੁਲਝਵਾਇਆ ਗਿਆ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ। ਕਾਰਜਸਾਧਕ ਅਫਸਰ ਅਸ਼ਵਨੀ ਕੁਮਾਰ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਹਰੇਕ ਦਾ ਸਨਮਾਨ ਕਰਦੇ ਹਨ ਅਤੇ ਭਵਿੱਖ ਵਿਚ ਵੀ ਕਰਦੇ ਰਹਿਣਗੇ।