ਪੱਤਰ ਪ੍ਰੇਰਕ
ਅਮਰਗੜ੍ਹ, 5 ਨਵੰਬਰ
ਹਾਕੀ ਦੀ ਨਰਸਰੀ ਵਜੋਂ ਜਾਣੀ ਜਾਂਦੀ ਵਿਦਿਅਕ ਸੰਸਥਾ ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਛੰਨਾ ਦੇ ਵਿਦਿਆਰਥੀਆਂ ਨੇ ਖੇਡਾਂ ਵਤਨ ਪੰਜਾਬ ਦੀਆਂ 2024 ਦੇ ਪੰਜਾਬ ਪੱਧਰੀ ਮੁਕਾਬਲੇ ਵਿੱਚ ਝੰਡੇ ਗੱਡ ਕੇ ਇਤਿਹਾਸ ਰਚਿਆ ਹੈ। ਖਿਡਾਰੀਆਂ ਦੀ ਇਸ ਮਾਣਮੱਤੀ ਪ੍ਰਾਪਤੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪ੍ਰਿੰਸੀਪਲ ਇਸ਼ਿਤਾ ਅਰੋੜਾ ਨੇ ਦੱਸਿਆ ਕਿ ਬਠਿੰਡਾ ਵਿੱਚ ਹੋਈਆਂ ਖੇਡਾਂ ਵਿੱਚ ਸਕੂਲ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਸੋਨੇ ਦਾ ਤਮਗਾ ਹਾਸਲ ਕੀਤਾ ਅਤੇ ਇਸੇ ਤਰ੍ਹਾਂ ਮੁਹਾਲੀ ਵਿੱਚ ਹੋਈਆਂ ਸੂਬਾ ਪੱਧਰੀ ਖੇਡਾਂ ਵਿੱਚ ਅੰਡਰ-14 ਵਰਗ ਵਿੱਚ ਸਾਡੀਆਂ ਖਿਡਾਰਨਾਂ ਗੁਰਮਨਪ੍ਰੀਤ ਕੌਰ, ਰਮਨਵੀਰ ਕੌਰ, ਰਵਨੀਤ ਕੌਰ, ਜਪਜੀ ਕੌਰ, ਮਨਪ੍ਰੀਤ ਕੌਰ ਅਤੇ ਕੋਮਲਪ੍ਰੀਤ ਕੌਰ ਨੇ ਚਾਂਦੀ ਦਾ ਤਮਗਾ ਜਿੱਤ ਕੇ ਸੰਸਥਾ ਦਾ ਮਾਣ ਵਧਾਇਆ ਹੈ। ਸੰਸਥਾ ਦੇ ਚੇਅਰਮੈਨ ਇਕਬਾਲ ਸਿੰਘ ਝੂੰਦਾਂ, ਸੈਕਟਰੀ ਸੁਖਵੀਰ ਸਿੰਘ ਬਿੱਟੂ ਸਲੇਮਪੁਰ, ਪ੍ਰਿੰਸੀਪਲ ਈਛੀਤਾ ਅਰੋੜਾ, ਮਨਜਿੰਦਰ ਸਿੰਘ ਬਾਵਾ ਨੇ ਇਸ ਪ੍ਰਾਪਤੀ ਦਾ ਸਿਹਰਾ ਖਿਡਾਰੀਆਂ ਦੀ ਲਗਨ ਅਤੇ ਮਿਹਨਤ ਦੇ ਨਾਲ ਨਾਲ ਕੋਚ ਸਾਹਿਬਾਨਾਂ ਦੇ ਸਿਰ ਬੰਨ੍ਹਦਿਆਂ ਸਮੁੱਚੇ ਸਟਾਫ ਅਤੇ ਮਾਪਿਆਂ ਨੂੰ ਵਧਾਈ ਦਿੱਤੀ ਅਤੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ।