ਪਵਨ ਕੁਮਾਰ ਵਰਮਾ
ਧੂਰੀ, 14 ਜੁਲਾਈ
ਅੱਜ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਵੱਲੋਂ ਯੂਨੀਵਰਸਿਟੀ ਕਾਲਜ ਬੇਨੜਾ (ਸੰਗਰੂਰ) ਵਿੱਚ ਪੀਟੀਏ ਫੰਡ ਭਰਵਾਉਣ ਦੇ ਵਿਰੋਧ ਅਤੇ ਹੋਰ ਵਿਦਿਆਰਥੀ ਮੰਗਾਂ ਸਬੰਧੀ ਕਾਲਜ ਪ੍ਰਿੰਸੀਪਲ ਡਾ. ਅਸ਼ੋਕ ਕੁਮਾਰ ਰਾਹੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲ ਮੰਗ ਪੱਤਰ ਦੇਣ ਗਏ ਤਾਂ ਉਨ੍ਹਾਂ ਨੇ ਮੰਗ ਪੱਤਰ ਲੈਣ ਤੋਂ ਨਾਂਹ ਕਰ ਦਿੱਤੀ, ਜਿਸਦੇ ਰੋਸ ਵਜੋਂ ਵਿਦਿਆਰਥੀਆਂ ਨੇ ਕਾਲਜ ਗੇਟ ਤੇ ਰੋਸ ਪ੍ਰਗਟ ਕੀਤਾ।
ਪ੍ਰੈੱਸ ਬਿਆਨ ਜਾਰੀ ਕਰਦਿਆਂ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਪਾਰਸਦੀਪ ਸਿੰਘ ਨੇ ਕਿਹਾ ਕਿ ਕਰੋਨਾ ਦੇ ਦੋਰ਼ ਵਿੱਚ ਵਿਦਿਆਰਥੀਆਂ ਤੋਂ ਫੰਡ ਲੈਣਾ ਬਿਲਕੁਲ ਹੀ ਸਰਾਸਰ ਧੱਕਾ ਹੈ, ਕਿਉਂਕਿ ਲੋਕਡਾਊਨ ਕਾਰਨ ਲੋਕ ਆਰਥਿਕ ਤੌਰ ਤੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ।
ਆਗੂ ਨੇ ਕਿਹਾ ਕਿ ਇਸ ਸਮੇਂ ਦੇ ਖਾਸ ਹਲਾਤ ਵਿੱਚ ਜਦੋਂ ਵੱਖ-ਵੱਖ ਦੇਸ਼ਾਂ ਵਿੱਚ ਵਿਦਿਆਰਥੀਆਂ ਲਈ ਸਿੱਖਿਆ ਦੇ ਖੇਤਰ ਵਿਚ ਲਗਾਤਾਰ ਵੱਖ ਵੱਖ ਤਰ੍ਹਾਂ ਦੇ ਫੰਡਾਂ ਵਿੱਚ ਵਾਧਾ ਕੀਤਾ ਜਾ ਰਿਹਾ ਤਾਂ ਉੱਥੇ ਹੀ ਭਾਰਤ ਵਰਗੇ ਦੇਸ਼ਾਂ ਵਿਚ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵੱਲੋਂ ਵੱਖ-ਵੱਖ ਤਰ੍ਹਾਂ ਦੇ ਨਾ ਮੁੜਨ ਯੋਗ ਫੰਡ ਭਰਾਏ ਜਾ ਰਹੇ ਹਨ। ਆਗੂ ਨੇ ਕਿਹਾ ਕਿ ਜੇਕਰ ਕਾਲਜ ਆਪਣੇ ਇਸ ਕਦਮ ਤੋਂ ਪਿੱਛੇ ਨਹੀਂ ਹਟਦਾ ਤਾ ਵਿਦਿਆਰਥੀਆਂ ਵੱਲੋਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।
ਦਲਿਤ ਵਿਦਿਆਰਥੀਆਂ ਤੋਂ ਪੀਟੀਏ ਫੰਡ ਲੈਣ ਦਾ ਵਿਰੋਧ
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਦੀਆਂ ਚਾਰ ਵਿਦਿਆਰਥੀ ਜਥੇਬੰਦੀਆਂ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ), ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ), ਪੰਜਾਬ ਸਟੂਡੈਂਟਸ ਯੂਨੀਅਨ ਤੇ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਵੱਲੋਂ ਸਾਂਝਾ ਬਿਆਨ ਜਾਰੀ ਕਰਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਦਲਿਤ ਵਰਗ ਦੇ ਵਿਦਿਆਰਥੀਆਂ ਤੋਂ ਪੀ.ਟੀ.ਏ ਫੰਡ ਲਏ ਜਾਣ ਦੀ ਨਿਖੇਧੀ ਕਰਦਿਆਂ ਇਸ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ। ਜਥੇਬੰਦੀਆਂ ਦਾ ਕਹਿਣਾ ਹੈ ਇਹ ਫੈਸਲਾ ਪੂਰੀ ਤਰ੍ਹਾਂ ਸਿੱਖਿਆ ਵਿਰੋਧੀ ਅਤੇ ਦਲਿਤ ਵਿਰੋਧੀ ਹੈ। ਪੀ.ਐੱਸ.ਯੂ (ਲਲਕਾਰ) ਦੀ ਸੂਬਾਈ ਆਗੂ ਸ਼੍ਰਿਸ਼ਟੀ, ਪੀ.ਐੱਸ.ਯੂ (ਸ਼ਹੀਦ ਰੰਧਾਵਾ) ਦੇ ਸੂਬਾਈ ਆਗੂ ਹੁਸ਼ਿਆਰ ਸਲੇਮਗੜ੍ਹ, ਪੀ.ਐੱਸ.ਯੂ ਪ੍ਰਧਾਨ ਰਣਬੀਰ ਰੰਧਾਵਾ ਤੇ ਪੀ.ਆਰ.ਐੱਸ.ਯੂ ਦੇ ਸੂਬਾ ਪ੍ਰਧਾਨ ਰਸ਼ਪਿੰਦਰ ਜਿੰਮੀ ਨੇ ਜਾਰੀ ਬਿਆਨ ਵਿੱਚ ਕਿਹਾ ਕਿ ਜਥੇਬੰਦੀਆਂ ਦਾ ਕਹਿਣਾ ਹੈ ਕਿ ਅਸਲ ਵਿੱਚ ਪੰਜਾਬੀ ਯੂਨੀਵਰਸਿਟੀ ਆਪਣੇ ਵਿੱਤੀ ਘਾਟੇ ਲਈ ਸਰਕਾਰ ਤੋਂ ਬਣਦੀ ਗਰਾਂਟ ਮੰਗਣ ਦੀ ਥਾਂ ਕੰਸੀਚਿਊਐਂਟ ਕਾਲਜਾਂ ਦੀ ਗ੍ਰਾਂਟ ਦੀ ਦੁਰਵਰਤੋਂ ਕਰ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।