ਖੇਤਰੀ ਪ੍ਰਤੀਨਿਧ
ਧੂਰੀ, 23 ਮਈ
ਪੰਜਾਬ ਸਟੂਡੈਂਟਸ ਯੂਨੀਅਨ ਕਾਲਜ ਬੇਨੜਾ ਵੱਲੋਂ ਯੂਨੀਅਨ ਦੇ ਆਗੂ ਸੁਖਦੀਪ ਸਿੰਘ ਹਥਨ ਦੀ ਅਗਵਾਈ ਹੇਠ ਮੁਕਤਸਰ ਸਾਹਿਬ ਦੀ ਪੁਲੀਸ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਆਗੂਆਂ ਨੇ ਕਿਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਬਾਦਲਾਂ ਦੀਆਂ ਬੱਸਾਂ ਵਿੱਚ ਕਾਲਜ ਵਿਦਿਆਰਥੀਆਂ ਦੀ ਅੱਧੀ ਟਿਕਟ ਲੱਗਣ ਦੇ ਪੈਦਾ ਹੋਏ ਵਿਵਾਦ ਵਿੱਚ ਭਾਵੇਂ ਬਾਦਲਾਂ ਦੀਆਂ ਬੱਸਾਂ ਦੇ ਚਾਲਕਾਂ ਨੇ ਵਿਦਿਆਰਥੀਆਂ ਤੋਂ ਮੁਆਫੀ ਮੰਗ ਲਈ ਸੀ ਪਰ ਇਸ ਮਸਲੇ ਕਾਰਨ ਵਿਦਿਆਰਥੀਆਂ ਵੱਲੋਂ ਆਪਣੀਆਂ ਹਮਖਿਆਲੀ ਜਥੇਬੰਦੀਆਂ ਨੂੰ ਨਾਲ ਲੈ ਕੇ ਲੱਗੇ ਧਰਨੇ ਕਾਰਨ ਮੁਕਤਸਰ ਸਾਹਿਬ ਦੀ ਪੁਲੀਸ ਵੱਲੋਂ ਵਿਦਿਆਰਥੀਆਂ ਤੇ ਆਗੂਆਂ ਨੂੰ ਅਣਪਛਾਤੇ ਦੱਸ ਕੇ ਪਰਚਾ ਦਰਜ ਕੀਤਾ ਗਿਆ ਹੈ ਜਿਸ ਵਿੱਚ ਦੰਗੇ ਭੜਕਾਉਣ ਦੀ ਧਾਰਾ ਵੀ ਸ਼ਾਮਲ ਕੀਤੀ ਗਈ ਹੈ ਜੋ ਕਿ ਪੁਲੀਸ ਵੱਲੋਂ ਧੱਕੇਸ਼ਾਹੀ ਵਾਲਾ ਕਾਰਾ ਹੈ। ਉਨ੍ਹਾਂ ਕਿਹਾ ਜੇ ਸ੍ਰੀ ਮੁਕਤਸਰ ਸਾਹਿਬ ਦੀ ਪੁਲੀਸ ਵੱਲੋਂ ਵਿਦਿਆਰਥੀਆਂ ਉੱਪਰ ਇਸ ਤਰ੍ਹਾਂ ਦੀਆਂ ਸੰਗੀਨ ਧਾਰਾਵਾਂ ਨੂੰ ਰੱਦ ਨਾ ਕੀਤਾ ਗਿਆ ਤਾਂ ਉਨ੍ਹਾਂ ਦੀ ਯੂਨੀਅਨ ਆਪਣੀਆਂ ਹਮਖਿਆਲੀ ਜਥੇਬੰਦੀਆਂ ਨੂੰ ਨਾਲ ਲੈ ਕੇ ਸ੍ਰੀ ਮੁਕਤਸਰ ਸਾਹਿਬ ਦੀ ਪੁਲੀਸ ਵਿਰੁੱਧ ਪੱਕੇ ਮੋਰਚੇ ਲਾਉਣਗੀਆਂ। ਉਨ੍ਹਾਂ ਕਿਹਾ ਝੂਠੇ ਪਰਚਿਆਂ ਨਾਲ ਵਿਦਿਆਰਥੀਆਂ ਦਾ ਭਵਿੱਖ ਧੁੰਦਲਾ ਹੋ ਜਾਵੇਗਾ।