ਕਰਮਵੀਰ ਸਿੰਘ ਸੈਣੀ
ਮੂਨਕ, 30 ਜੁਲਾਈ
ਅੱਜ ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਰੰਧਾਵਾ ਦੀ ਅਗਵਾਈ ਵਿੱਚ ਯੂਨੀਵਰਸਿਟੀ ਕਾਲਜ ਮੂਨਕ ਵਿੱਚ ਸਾਰੀਆਂ ਰੋਕਾਂ ਦੇ ਬਾਵਜੂਦ ਧਰਨਾ ਦਿੱਤਾ ਗਿਆ। ਯੂਨੀਅਨ ਨੇ ਧਰਨਾ ਦੇ ਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਐੱਸਸੀ ਵਿਦਿਆਰਥੀਆਂ ਤੋਂ ਪੀਟੀਏ ਫੰਡ ਵਸੂਲਣ ਦਾ ਕੀਤਾ ਫ਼ੈਸਲਾ ਵਾਪਸ ਲੈਣ, ਕਾਲਜ ਵੱਲੋਂ ਸਮੈਸਟਰ ਫੀਸ ਤੇ ਪੇਪਰ ਫੀਸ ਇਕੱਠਿਆਂ ਵਸੂਲਣ ਦਾ ਕੀਤਾ ਫ਼ੈਸਲਾ ਵਾਪਸ ਕਰਵਾਉਣ, ਯੂਨੀਵਰਸਿਟੀ ਵੱਲੋਂ ਪ੍ਰਮੋਟ ਕੀਤੇ ਵਿਦਿਆਰਥੀਆਂ ਤੋਂ ਇੱਕ ਅਗਸਤ ਤੱਕ ਤੇ ਨਵੇਂ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਤੋਂ ਚੌਦਾਂ ਅਗਸਤ ਤੱਕ ਰੱਖੀ ਫੀਸ ਜਮ੍ਹਾਂ ਕਰਵਾਉਣ ਦੀ ਤਰੀਕ ਵਿਚ ਵਾਧਾ ਕਰਵਾਉਣ, ਕਾਲਜ ਦਾ ਫ਼ੰਡ ਯੂਨੀਵਰਸਿਟੀ ਨੂੰ ਭੇਜਣਾ ਬੰਦ ਕਰਵਾਉਣ ਦੀ ਮੰਗ ਕੀਤੀ।
ਹੁਸ਼ਿਆਰ ਸਲੇਮਗੜ੍ਹ ਜਗਸੀਰ ਸਿੰਘ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਐੱਸਸੀ ਵਿਦਿਆਰਥੀਆਂ ਤੋਂ ਪੀਟੀਏ ਫੰਡ ਵਸੂਲਣ ਦਾ ਫੈਸਲਾ ਸੁਣਾਇਆ ਹੈ, ਯੂਨੀਵਰਸਿਟੀ ਕਾਲਜਾਂ ਵਿੱਚ ਪੜ੍ਹਦੇ ਵੱਡੀ ਗਿਣਤੀ ਐੱਸਸੀ ਵਿਦਿਆਰਥੀਆਂ ਨੂੰ ਸਿੱਖਿਆ ਤੋਂ ਵਾਂਝਾ ਕਰ ਦੇਵੇਗਾ। ਕਮੇਟੀ ਦੇ ਇਸ ਫੈਸਲੇ ਨਾਲ ਯੂਨੀਵਰਸਿਟੀ ਕਾਲਜਾਂ ਚ ਪੜ੍ਹਦੇ ਇਲਾਕੇ ਦੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਮੁਹੱਈਆ ਕਰਵਾਉਣ ਦਾ ਉਦੇਸ਼ ਵੀ ਖਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਲਜਾਂ ਨੂੰ ਯੂਨੀਵਰਸਿਟੀ ਪੈਸਾ ਇਕੱਠਾ ਕਰਨ ਦੀਆਂ ਮਸ਼ੀਨਾਂ ਬਣਾਉਣਾ ਚਾਹੁੰਦੀ ਹੈ ਪ੍ਰੰਤੂ ਇਨ੍ਹਾਂ ਕਾਲਜਾਂ ਚ ਪੜ੍ਹਦੇ ਵਿਦਿਆਰਥੀ ਦਿਹਾੜੀ ਮਜ਼ਦੂਰੀ ਕਰਦੇ ਪੜ੍ਹਦੇ ਹਨ। ਉਨ੍ਹਾਂ ਕਿਹਾ ਕਿ ਇਕੱਤੀ ਜੁਲਾਈ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਵਿਦਿਆਰਥੀਆਂ ਵੱਲੋਂ ਹਕੂਮਤਾਂ ਵੱਲੋਂ ਇਕੱਠੇ ਹੋਣ ਦੇ ਸੰਘਰਸ਼ ਕਰਨ ਦੇ ਹੱਕ ਤੇ ਮੜ੍ਹੀਆਂ ਲੋਕਾਂ ਦੇ ਖਿਲਾਫ਼ ਮਨਾਇਆ ਜਾਵੇਗਾ ਅਤੇ ਵਿਦਿਆਰਥੀ ਮੰਗਾਂ ਤੇ ਆਵਾਜ਼ ਬੁਲੰਦ ਕੀਤੀ ਜਾਵੇਗੀ।