ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 4 ਅਗਸਤ
ਨੇੜਲੇ ਪਿੰਡ ਹਰਦਿੱਤਪੁਰਾ ਵਿੱਚ ਲਗਪਗ ਇਕ ਸਾਲ ਪਹਿਲਾਂ ਬਣਾਇਆ ਗਿਆ ਵਾਟਰ ਹਾਰਵੈਸਟਿੰਗ ਛੱਪੜ ਪਿੰਡ ਦੇ ਨਿਕਾਸੀ ਪਾਣੀ ਨਾਲ ਹੀ ਡੁੱਬ ਗਿਆ। ‘ਆਪ’ ਦੀ ਸੂਬਾਈ ਬੁਲਾਰਾ ਨਰਿੰਦਰ ਕੌਰ ਭਰਾਜ ਅੱਜ ਜਦੋਂ ਬਰਸਾਤੀ ਪਾਣੀ ਕਾਰਨ ਹੋਣ ਵਾਲੇ ਨੁਕਸਾਨ ਦਾ ਜਾਇਜ਼ਾ ਲੈਣ ਪਿੰਡ ਹਰਦਿਤਪੁਰਾ ਪਹੁੰਚੇ ਤਾਂ ਪਿੰਡ ਵਾਸੀਆਂ ਨੇ ਦੱਸਿਆ ਕਿ 13 ਲੱਖ 19 ਹਜ਼ਾਰ ਰੁਪਏ ਦੀ ਲਾਗਤ ਨਾਲ ਲਗਪਗ ਸਾਲ ਪਹਿਲਾਂ ਪਿੰਡ ਵਿੱਚ ਬਣਾਇਆ ਗਿਆ ਹਾਰਵੈਸਟਿੰਗ ਛੱਪੜ ਪਿੰਡ ਦੇ ਪਾਣੀ ਦੀ ਨਿਕਾਸੀ ਨਾਲ ਹੀ ਦਸ ਕੁ ਦਿਨਾਂ ਵਿੱਚ ਹੀ ਡੁੱਬ ਗਿਆ ਸੀ, ਜਿਸ ਕਾਰਨ ਪਿੰਡ ਦੇ ਪਾਣੀ ਦੀ ਨਿਕਾਸੀ ਰੁਕ ਗਈ ਤੇ ਸੀਵਰੇਜ ਬੰਦ ਹੋ ਗਿਆ। ਹੁਣ ਬਰਸਾਤ ਦਾ ਪਾਣੀ ਘਰਾਂ ਅੰਦਰ ਦਾਖਲ ਹੋ ਰਿਹਾ ਹੈ। ਦੂਸ਼ਿਤ ਪਾਣੀ ਦੇ ਘਰਾਂ ਵਿੱਚ ਵੜਨ ਅਤੇ ਗਲੀਆਂ ਭਰਨ ਕਾਰਨ ਬੀਮਾਰੀਆਂ ਫ਼ੈਲਣ ਦਾ ਡਰ ਬਣ ਗਿਆ ਹੈ। ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਇਹ ਵਾਟਰ ਹਾਰਵੈਸਟਿੰਗ ਛੱਪੜਾਂ ਦਾ ਪ੍ਰਾਜੈਕਟ ਮਹਿਜ਼ ਚਿੱਟਾ ਹਾਥੀ ਬਣ ਕੇ ਰਹਿ ਗਿਆ ਹੈ ਤੇ ਇਸ ਪ੍ਰਾਜੈਕਟ ਦਾ ਕਿਸੇ ਪਿੰਡ ਨੂੰ ਕੋਈ ਫਾਇਦਾ ਨਹੀਂ ਹੋ ਰਿਹਾ। ਉਨ੍ਹਾਂ ਦੋਸ਼ ਲਗਾਇਆ ਕਿ ਬਲਾਕ ਦੇ ਹੋਰਨਾਂ ਪਿੰਡਾਂ ਵਿੱਚ ਵੀ ਇਹ ਪ੍ਰਾਜੈਕਟ ਢਹਿ-ਢੇਰੀ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕਰੋੜਾਂ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਹ ਪ੍ਰਾਜੈਕਟ ਨਿਕੰਮੇ ਸਾਬਤ ਹੋ ਰਹੇ ਹਨ। ਇਸ ਲਈ ਇਨ੍ਹਾਂ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਇਸ ਸਬੰਧੀ ਮੌਕੇ ’ਤੇ ਹਾਜ਼ਰ ਸਰਪੰਚ ਦੇ ਪੁੱਤਰ ਗਿਆਨ ਸਿੰਘ ਨੇ ਕਿਹਾ ਕਿ ਇਹ ਛੱਪੜ ਪੰਚਾਇਤ ਵੱਲੋਂ ਨਹੀਂ, ਸਗੋਂ ਪੰਚਾਇਤੀ ਰਾਜ ਰਾਹੀਂ ਬਣਿਆ ਸੀ, ਜਿਸ ਵਿੱਚ ਵੱਡਾ ਘੁਟਾਲਾ ਹੋਇਆ ਹੈ ਤੇ ਸਜ਼ਾ ਸਾਰਾ ਪਿੰਡ ਭੁਗਤ ਰਿਹਾ ਹੈ। ਬਲਾਕ ਸਮਿਤੀ ਭਵਾਨੀਗੜ੍ਹ ਦੇ ਚੇਅਰਮੈਨ ਵਰਿੰਦਰ ਕੁਮਾਰ ਪੰਨਵਾਂ ਨੇ ਕਿਹਾ ਕਿ ਇਹ ਇਲਜ਼ਾਮ ਬੇਬੁਨਿਆਦ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਪਿੰਡਾਂ ਦੇ ਵਿਕਾਸ ਲਈ ਬਣਾਏ ਗਏ ਹਨ।