ਹਰਦੀਪ ਸਿੰਘ ਸੋਢੀ
ਧੂਰੀ, 11 ਜੂਨ
ਆਮ ਆਦਮੀ ਪਾਰਟੀ ਵੱਲੋਂ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੇ ਮੱਦੇਨਜ਼ਰ ਸਥਾਨਕ ਸਨਾਤਨ ਧਰਮ ਸਭਾ ਆਸ਼ਰਮ ਵਿੱਚ ਰੱਖੀ ਗਈ ਵਰਕਰ ਮਿਲਣੀ ਦੌਰਾਨ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ, ਜਦੋਂ ਗੰਨਾ ਕਾਸ਼ਤਕਾਰ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋਂ ਚੇਅਰਮੈਨ ਹਰਜੀਤ ਸਿੰਘ ਬੁਗਰਾ ਦੀ ਅਗਵਾਈ ਹੇਠ ਪੁੱਜ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹਰਜੀਤ ਸਿੰਘ ਬੁਗਰਾ ਨੇ ਦੱਸਿਆ ਕਿ ਖੰਡ ਮਿੱਲ ਵੱਲ ਰਹਿੰਦੀ ਬਕਾਇਆ ਅਦਾਇਗੀ ਕਰਵਾਉਣ ਲਈ ਪਿਛਲੇ 10 ਦਿਨਾਂ ਤੋਂ ਜਿਥੇ ਗੰਨਾ ਕਾਸ਼ਤਕਾਰ ਮੁੱਖ ਮੰਤਰੀ ਦੇ ਸਥਾਨਕ ਦਫਤਰ ਅੱਗੇ ਪੱਕੇ ਧਰਨੇ ’ਤੇ ਬੈਠੇ ਹਨ, ਉਥੇ ਹੀ ਪਿਛਲੇ ਪੰਜ ਦਿਨਾਂ ਤੋਂ 2 ਗੰਨਾ ਕਾਸ਼ਤਕਾਰ ਇਸ ਅਤਿ ਦੀ ਗਰਮੀ ਵਿਚ ਮੁੱਖ ਮੰਤਰੀ ਦੇ ਧੂਰੀ ਦਫ਼ਤਰ ਦੀ ਛੱਤ ’ਤੇ ਪਾਣੀ ਵਾਲੀ ਟੈਂਕੀ ਉਪਰ ਚੜ੍ਹੇ ਬੈਠੇ ਹਨ। ਬਾਵਜੂਦ ਇਸ ਦੇ ਸਰਕਾਰ ਦੇ ਕੰਨਾਂ ’ਤੇ ਜੂੰਅ ਤੱਕ ਨਹੀਂ ਸਰਕ ਰਹੀ। ਬਾਅਦ ਵਿਚ ਕੁੱਝ ਸਥਾਨਕ ‘ਆਪ’ ਆਗੂਆਂ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਕੈਬਨਿਟ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦੇ ਕੇ ਰੋਸ ਪ੍ਰਦਰਸ਼ਨ ਸਮਾਪਤ ਕਰਵਾਇਆ ਗਿਆ। ਅੱਜ ਦੀ ਮੀਟਿੰਗ ਵਿਚ ਸ਼ਾਮਲ ਹੋਣ ਆਏ ‘ਆਪ’ ਵਿਧਾਇਕ ਸ਼ੀਤਲ ਅੰਗੂਰਾਲ ਨੇ ਮੁੱਖ ਮੰਤਰੀ ਦੇ ਸਥਾਨਕ ਦਫਤਰ ਪੁੱਜ ਕੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਕੱਲ੍ਹ ਨੂੰ ਕੈਬਨਿਟ ਮੰਤਰੀ ਦੀ ਮੀਟਿੰਗ ਵਫਦ ਨਾਲ ਕਰਵਾ ਕੇ ਮਾਮਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਜਿਸ ਤੋਂ ਬਾਅਦ ਪਾਣੀ ਵਾਲੀ ਟੈਂਕੀ ’ਤੇ ਚੜੇ 2 ਗੰਨਾ ਕਾਸ਼ਤਕਾਰਾਂ ਨੂੰ ਹੇਠਾਂ ਉਤਾਰ ਲਿਆ ਗਿਆ।