ਬੀਰਬਲ ਰਿਸ਼ੀ
ਸ਼ੇਰਪੁਰ, 20 ਅਕਤੂਬਰ
ਹਲਕਾ ਧੂਰੀ ਸਣੇ ਹਲਕਾ ਮਹਿਲ ਕਲਾਂ ਅਤੇ ਮਲੇਰਕੋਟਲਾ ਦੇ ਤਕਰੀਬਨ 60 ਪਿੰਡਾਂ ਦੇ ਲੋਕਾਂ ਨੂੰ ਨਹਿਰੀ ਪਾਣੀ ਦੇਣ ਦੀ ਸਹੂਲਤ ਲਈ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ ਦੀ ਅਗਵਾਈ ਹੇਠ ਆਰੰਭੇ ਸੰਘਰਸ਼ ਦੇ ਮੱਦੇਨਜ਼ਰ ਨਹਿਰੀ ਵਿਭਾਗ ਦੇ ਐਕਸੀਅਨ ਵੱਲੋਂ ਗਠਿਤ ਕੀਤੀਆਂ ਤਿੰਨ ਸਰਵੇ ਟੀਮਾਂ ਨੇ ਦੋ ਦਰਜਨ ਪਿੰਡਾਂ ਦੀਆਂ ਸੱਥਾਂ ’ਚ ਕਿਸਾਨਾਂ ਨਾਲ ਮੀਟਿੰਗਾਂ ਕਰ ਕੇ ਤਜਵੀਜ਼ਾਂ ਪ੍ਰਾਪਤ ਕੀਤੀਆਂ ਹਨ। ਮੁੱਖ ਮੰਤਰੀ ਦੇ ਓਐੱਸਡੀ ਪ੍ਰੋ. ਓਂਕਾਰ ਸਿੰਘ ਨੇ ਵਿਭਾਗ ਨੂੰ 15 ਦਿਨਾਂ ਅੰਦਰ ਸਰਵੇ ਰਿਪੋਰਟ ਪੇਸ਼ ਕਰਨ ਸਬੰਧੀ ਹੁਕਮ ਦਿੱਤੇ ਸਨ ਅਤੇ ਨਿਰਧਾਰਤ ਸਮੇਂ ਵਿੱਚ ਛੇ ਦਿਨ ਬਾਕੀ ਹਨ ਜਦੋਂਕਿ ਵਿਭਾਗ ਦਾ ਇੱਕ ਤਿਹਾਈ ਕੰਮ ਅਧੂਰਾ ਪਿਆ ਹੈ।
ਪਿੰਡ ਬੜੀ, ਟਿੱਬਾ, ਗੁਰਬਖਸ਼ਪੁਰਾ ਵਿੱਚ ਨਹਿਰੀ ਵਿਭਾਗ ਦੀ ਟੀਮ ਦੇ ਇੰਚਾਰਜ ਜ਼ਿਲ੍ਹੇਦਾਰ ਹਾਕਮ ਸਿੰਘ ਤੇ ਉਨ੍ਹਾਂ ਦੀ ਟੀਮ ਅੱਗੇ ਸ਼ੇਰਪੁਰ ਜ਼ੋਨ ਕਮੇਟੀ ਦੇ ਕਨਵੀਨਰ ਹਰਦੇਵ ਸਿੰਘ ਬੜੀ ਅਤੇ ਸਾਬਕਾ ਸਰਪੰਚ ਜਸਮੇਲ ਸਿੰਘ ਬੜੀ ਨੇ ਸੁਝਾਅ ਦਿੱਤਾ ਕਿ ਨੇੜਲੇ ਪਿੰਡਾਂ ਤੋਂ ਲੰਘਦੀ ਲਸਾੜਾ ਡਰੇਨ ਕਾਫ਼ੀ ਚੌੜੀ ਹੈ ਜਿਸ ਵਿੱਚ ਸਮਾਨਅੰਤਰ ਇੱਕ ਸਾਈਡ ਤੋਂ ਰਜਵਾਹਾ ਕੱਢਿਆ ਜਾ ਸਕਦਾ ਹੈ। ਇਸੇ ਦੌਰਾਨ ਤੀਜੀ ਟੀਮ ਦੀ ਹਾਲੇ ਕੋਈ ਕਾਰਗੁਜ਼ਾਰੀ ਸਾਹਮਣੇ ਨਹੀਂ ਆਈ ਕਿਉਂਕਿ ਉਸ ਟੀਮ ਦੇ ਇੰਚਾਰਜ ਐੱਸਡੀਓ ਲੱਡਾ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਛੁੱਟੀ ’ਤੇ ਹਨ। ਇਸੇ ਦੌਰਾਨ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨੇ ਨਹਿਰੀ ਵਿਭਾਗ ਦੇ ਐਕਸੀਅਨ ਸੁਖਜੀਤ ਸਿੰਘ ਨਾਲ ਮੁਲਾਕਾਤ ਕਰਕੇ ਰਹਿੰਦੇ ਪਿੰਡਾਂ ਦਾ ਸਰਵੇ ਤੁਰੰਤ ਕਰਕੇ ਰਿਪੋਰਟ ਭੇਜਣ ਸਬੰਧੀ ਵਿਚਾਰਾਂ ਕੀਤੀਆਂ। ਉਨ੍ਹਾਂ ਐਕਸੀਅਨ ਸੰਗਰੂਰ ਨਾਲ ਹੋਈ ਮੀਟਿੰਗ ਸਬੰਧੀ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ।
ਜ਼ਿਕਰਯੋਗ ਹੈ ਕਿ ਸ਼ੇਰਪੁਰ ਇਲਾਕੇ ਦੇ ਕਈ ਪਿੰਡਾਂ ਵਿੱਚ ਧਰਤੀ ਹੇਠਲਾ ਪਾਣੀ ਕਾਫੀ ਨੀਵਾਂ ਹੁੰਦਾ ਜਾ ਰਿਹਾ ਹੈ ਜਿਸ ਕਾਰਨ ਨਹਿਰੀ ਪਾਣੀ ਦੀ ਸਹੂਲਤ ਦੇਣ ਲਈ ਸਰਵੇਖਣ ਕੀਤੇ ਜਾ ਰਹੇ ਹਨ।
ਚਾਰ ਪਿੰਡਾਂ ਵਿੱਚ ਅੱਜ ਕਰਵਾਇਆ ਜਾਵੇਗਾ ਸਰਵੇਖਣ
ਜ਼ਿਲ੍ਹੇਦਾਰ ਹਾਕਮ ਸਿੰਘ ਨੇ ਦੱਸਿਆ ਕਿ ਘਨੌਰ ਕਲਾਂ, ਘਨੌਰ ਖੁਰਦ, ਰਾਮਨਗਰ ਛੰਨਾ, ਪੰਜਗਰਾਈਆਂ ਆਦਿ ਪਿੰਡ ਦਾ ਸਰਵੇ 21 ਅਕਤੂਬਰ ਨੂੰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਤਿੰਨ ਪਿੰਡਾਂ ਦੇ ਲਸਾੜਾ ਡਰੇਨ ’ਚੋਂ ਰਜਵਾਹਾ ਕੱਢਣ ਦੇ ਸੁਝਾਅ ਆਏ ਹਨ। ਇਸ ਤੋਂ ਪਹਿਲਾਂ ਜ਼ਿਲ੍ਹੇਦਾਰ ਤੇਜਪਾਲ ਸਿੰਘ ਦੀ ਅਗਵਾਈ ਟੀਮ ਅੱਗੇ ਕੁਝ ਕਿਸਾਨਾਂ ਨੇ ਕੋਟਲਾ ਬ੍ਰਾਂਚ ਨਹਿਰ ’ਚੋਂ ਪਿੰਡ ਸਲਾਰ ਲਾਗਿਓਂ ਕੋਟਲਾ ਰਜਵਾਹੇ ਦੀ 1986 ’ਚ ਤਿਆਰ ਤਜਵੀਜ਼ ਦੇ ਪ੍ਰਾਜੈਕਟ ਨੂੰ ਲਾਗੂ ਕਰਨ ਦਾ ਸੁਝਾਅ ਦਿੱਤਾ ਜਿਸ ਨਾਲ 46 ਪਿੰਡਾਂ ਦੇ ਲੋਕਾਂ ਨੂੰ ਨਹਿਰੀ ਪਾਣੀ ਦਾ ਲਾਭ ਮਿਲ ਸਕਦਾ ਹੈ।