ਗੁਰਦੀਪ ਸਿੰਘ ਲਾਲੀ
ਸੰਗਰੂਰ, 11 ਜੁਲਾਈ
ਪਿਤਾ ਦੀ ਮੌਤ ਲਈ ਕਥਿਤ ਤੌਰ ’ਤੇ ਜ਼ਿੰਮੇਵਾਰ ਵਿਅਕਤੀਆਂ ਦੀ ਗ੍ਰਿਫ਼ਤਾਰੀ ਲਈ ਪਿਛਲੇ ਕਰੀਬ ਡੇਢ ਮਹੀਨੇ ਤੋਂ ਇੱਕ ਪਰਿਵਾਰ ਨੂੰ ਸਰਕਾਰੇ-ਦਰਬਾਰੇ ਦਰ-ਦਰ ਠੋਕਰਾਂ ਖਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਪੀੜਤ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਅਰੋਪੀਆਂ ਵਲੋਂ ਸਮਝੌਤਾ ਨਾ ਕਰਨ ’ਤੇ ਝੂਠੇ ਕੇਸਾਂ ਵਿੱਚ ਫਸਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਕਰੀਬ ਦੋ ਹਫਤੇ ਪਹਿਲਾਂ ਅਰੋਪੀਆਂ ਦੀਆਂ ਧਮਕੀਆਂ ਤੋਂ ਡਰਦਿਆਂ ਉਹ ਪਿੰਡ ਛੱਡਣ ਲਈ ਮਜਬੂਰ ਹੋਏ ਹਨ। ਪੁਲੀਸ ਥਾਣਾ ਖਨੌਰੀ ਅਧੀਨ ਪੈਂਦੇ ਪਿੰਡ ਬਨਾਰਸੀ ਦੇ ਵਸਨੀਕ ਬਿਕਰਮ ਸਿੰਘ ਨੇ ਦੱਸਿਆ ਕਿ ਉਸਦਾ ਪਿਤਾ ਬਸਾਊ ਸਿੰਘ ਦਾ ਪਿਛਲੇ ਲੰਮੇ ਸਮੇਂ ਤੋਂ ਪਿੰਡ ਦੇ ਲੋਕਾਂ ਨਾਲ ਜ਼ਮੀਨੀ ਵਿਵਾਦ ਚਲਦਾ ਸੀ ਜਿਸ ਕਾਰਨ ਧਮਕੀਆਂ ਤੋਂ ਪ੍ਰੇਸ਼ਾਨ ਉਸਦੇ ਪਿਤਾ ਨੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਸੀ। ਮਰਨ ਤੋਂ ਪਹਿਲਾਂ ਉਸਦੇ ਪਿਤਾ ਨੇ ਖੁਦਕੁਸ਼ੀ ਨੋਟ ਲਿਖਿਆ ਸੀ ਅਤੇ ਕਈ ਲੋਕਾਂ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਸੀ। ਪੁਲੀਸ ਨੇ 27 ਮਈ 2020 ਨੂੰ 10 ਵਿਅਕਤੀਆਂ ਦੇ ਖ਼ਿਲਾਫ਼ 306, 120-ਬੀ ਤਹਿਤ ਕੇਸ ਦਰਜ ਕਰ ਲਿਆ ਸੀ ਪਰੰਤੂ ਕਰੀਬ ਸਵਾ ਸਾਲ ਬੀਤਣ ਦੇ ਬਾਵਜੂਦ ਪੁਲੀਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਉਨ੍ਹਾਂ ਮੰਗ ਕੀਤੀ ਕਿ ਕੇਸ ਦੂਜੇ ਜ਼ਿਲ੍ਹੇ ਵਿਚ ਤਬਦੀਲ ਕੀਤਾ ਜਾਵੇ ਕਿਉਂਕਿ ਸੰਗਰੂਰ ਪੁਲੀਸ ਤੋਂ ਉਨ੍ਹਾਂ ਦਾ ਭਰੋਸਾ ਉੱਠ ਗਿਆ ਹੈ।
ਉਧਰ ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਗਰਗ ਨੇ ਪੁਲੀਸ ’ਤੇ ਪੱਖਪਾਤ ਦੇ ਲਗਾਏ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਐੱਸਪੀ ਅਪਰੇਸ਼ਨ ਵਲੋਂ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਜੋ ਵੀ ਪੱਖ ਸਾਹਮਣੇ ਆਉਣਗੇ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।