ਬੀਰਬਲ ਰਿਸ਼ੀ
ਸ਼ੇਰਪੁਰ, 8 ਅਕਤੂਬਰ
ਪਿੰਡ ਸੁਲਤਾਨਪੁਰ ਦੇ ਲੋਕਾਂ ਵੱਲੋਂ ਲਗਾਏ ਦੋਸ਼ਾਂ ਮਗਰੋਂ ਵਿਵਾਦਾਂ ‘ਚ ਘਿਰੀ ਰਣੀਕੇ ਚੌਕੀ ਮਾਮਲੇ ’ਚ ਨੌਜਵਾਨ ਦੇ ਪੋਸਟਮਾਰਟਮ ਮੌਕੇ ਸੁਲਤਾਨਪੁਰ ਦੇ ਮੋਹਤਬਰਾਂ ਤੋਂ ਕਥਿਤ ਰਿਸ਼ਵਤ ਮੰਗਣ ਸਬੰਧੀ ਸ਼ਿਕਾਇਤ ’ਤੇ ਸਹਾਇਕ ਥਾਣੇਦਾਰ ’ਤੇ ਇਸਦੀ ਗਾਜ਼ ਗਿਰੀ ਹੈ ਜਦੋਂਕਿ ਚੋਰੀ ਦੇ ਮੋਟਰਸਾਈਕਲ ਸਬੰਧੀ ਪੁਲੀਸ ਨੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਕਰਕੇ 1 ਰੋਜ਼ਾ ਰਿਮਾਂਡ ਹਾਸਲ ਕੀਤਾ ਹੈ। ਚੌਕੀ ਇੰਚਾਰਜ ਗੁਰਤੇਜ ਸਿੰਘ ਨੇ ਸੰਪਰਕ ਕਰਨ ’ਤੇ ਪੁਸ਼ਟੀ ਕਰਦਿਆਂ ਦੱਸਿਆ ਕਿ ਚੌਕੀ ਦਾ ਇੱਕ ਏਐਸਆਈ ਬਦਲ ਗਿਆ ਹੈ ਪਰ ਉਨ੍ਹਾਂ ਉਸਦੇ ਲਾਈਨ ਹਾਜ਼ਰ ਕੀਤੇ ਜਾਣ ਦੀ ਪੁਸ਼ਟੀ ਨਹੀਂ ਕੀਤੀ। ਪੰਚਾਇਤ ਵੱਲੋਂ ਨਸ਼ਾ ਵੇਚਣ ਵਾਲਿਆਂ ਦੇ ਨਾਮਾਂ ਖੁਲਾਸਾ ਕਰਨ ਮਗਰੋਂ ਕਾਰਵਾਈ ਸਬੰਧੀ ਪੁੱਛੇ ਜਾਣ ’ਤੇ ਚੌਕੀ ਇੰਚਾਰਜ ਨੇ ਕਿਹਾ ਸਬੰਧਤ ਕੋਲੋਂ ਕੋਈ ਨਸ਼ਾ ਬਰਾਮਦ ਨਹੀਂ ਹੋਇਆ ਜਿਸ ਕਰਕੇ ਹਾਲੇ ਕੋਈ ਅਜਿਹੀ ਕਾਰਵਾਈ ਅਮਲ ’ਚ ਨਹੀਂ ਲਿਆਂਦੀ ਜਾ ਸਕੀ।
ਬੀਤੀ ਕੱਲ੍ਹ ਪਿੰਡ ਸੁਲਤਾਨਪੁਰ ‘ਚ ਸ਼ਰੇਆਮ ਨਸ਼ਿਆਂ ਦੀ ਵਿੱਕਰੀ ਹੋਣ, ਮੋਟਰਸਾਈਕਲ ਚੋਰੀ ਮਾਮਲਾ ਅਤੇ ਨੌਜਵਾਨ ਦੇ ਪੋਸਟਮਾਰਟਮ ਮੌਕੇ ਰਣੀਕੇ ਚੌਂਕੀ ਦੇ ਮੁਲਾਜ਼ਮ ਵੱਲੋਂ ਰਿਸ਼ਵਤ ਮੰਗੇ ਜਾਣ ਦੀਆਂ ਦਿੱਤੀਆਂ ਜਾਣਕਾਰੀਆਂ ਦੇ ਬਾਵਜੂਦ ਪੁਲੀਸ ਵੱਲੋਂ ਕੋਈ ਕਾਰਵਾਈ ਨਾ ਕਰਨ ਵਿਰੁੱਧ ਗ੍ਰਾਮ ਪੰਚਾਇਤ, ਬੀਕੇਯੂ ਏਕਤਾ ਉਗਰਾਹਾਂ ਅਤੇ ਪਿੰਡ ਵਾਸੀਆਂ ਨੇ ਕਈ ਘੰਟੇ ਧੂਰੀ-ਬਰਨਾਲਾ ਸੜਕ ‘ਤੇ ਚੱਕਾ ਜ਼ਾਮ ਕੀਤਾ ਸੀ। ਉਧਰ, ਸਰਪੰਚ ਗੁਰਦੀਪ ਸਿੰਘ ਸੁਲਤਾਨਪੁਰ ਨੇ ਸੰਪਰਕ ਕਰਨ ‘ਤੇ ਦੱਸਿਆ ਕਿ ਡੀਐੱਸਪੀ ਪਰਮਿੰਦਰ ਸਿੰਘ ਅੱਗੇ ਮੁਜ਼ਾਹਰਾਕਾਰੀਆਂ ਨੇ ਜਿਹੜੀਆਂ ਮੰਗਾਂ ਰੱਖੀਆਂ ਸਨ ਜੇ ਉਨ੍ਹਾਂ ਨੂੰ ਹੂ-ਬ-ਹੂ ਲਾਗੂ ਨਾ ਕੀਤਾ ਤਾਂ ਤਿੱਖੇ ਸੰਘਰਸ਼ ਨੂੰ ਅੰਜਾਮ ਦਿੱਤਾ ਜਾਵੇਗਾ।