ਬੀਰਬਲ ਰਿਸ਼ੀ
ਸ਼ੇਰਪੁਰ, 17 ਮਾਰਚ
ਪਿੰਡ ਸੁਲਤਾਨਪੁਰ ਦੀ ਗ੍ਰਾਮ ਪੰਚਾਇਤ, ਕਲੱਬ ਮੈਂਬਰਾਂ, ਕਿਸਾਨ ਜਥੇਬੰਦੀਆਂ ਤੇ ਹੋਰਨਾ ਦੇ ਚੋਣਵੇਂ ਆਗੂਆਂ ਨੇ ਸਰਪੰਚ ਗੁਰਦੀਪ ਸਿੰਘ ਸੁਲਤਾਨਪੁਰ ਦੀ ਅਗਵਾਈ ਹੇਠ ਇਕੱਤਰਤਾ ਕਰ ਕੇ ਪਿੰਡ ਦਾ ਠੇਕਾ ਬੰਦ ਕਰਵਾਏ ਜਾਣ ਲਈ ਨਾਅਰੇਬਾਜ਼ੀ ਕੀਤੀ। ਉਨ੍ਹਾਂ ਸਬੰਧਿਤ ਵਿਭਾਗ ਨੂੰ ਠੇਕਾ ਬੰਦ ਨਾ ਕਰਨ ’ਤੇ ਸੰਘਰਸ਼ ਦੀ ਚਿਤਾਵਨੀ ਦਿੱਤੀ। ਪਿੰਡ ਸੁਲਾਤਨਪੁਰ ਵਿੱਚ ਹੋਈ ਇਕੱਤਰਤਾ ਦੌਰਾਨ ਸਤਵੰਤ ਸਿੰਘ, ਜਗਦੇਵ ਸਿੰਘ, ਰਣਜੀਤ ਕੌਰ (ਸਾਰੇ ਪੰਚ), ਕਲੱਬ ਪ੍ਰਧਾਨ ਹੈਰੀ ਗਿੱਲ, ਤੇਜੂ ਸੋਹੀ, ਬੀਕੇਯੂ ਏਕਤਾ ਉਗਰਾਹਾਂ ਦੇ ਇਕਾਈ ਪ੍ਰਧਾਨ ਜਰਨੈਲ ਸਿੰਘ, ਰਾਜਵਿੰਦਰ ਸਿੰਘ ਨੰਬਰਦਾਰ, ਗੁਰਜੀਤ ਸਿੰਘ ਆਦਿ ਆਗੂ ਸ਼ੁਮਾਰ ਸਨ।
ਮੀਟਿੰਗ ਦੌਰਾਨ ਸਰਪੰਚ ਗੁਰਦੀਪ ਸਿੰਘ ਸੁਲਤਾਨਪੁਰ ਨੇ ਦੱਸਿਆ ਕਿ ਇਲਾਕੇ ਦੀ ਧਾਰਮਿਕ ਸ਼ਖ਼ਸੀਅਤ ਸੰਤ ਰਣਜੀਤ ਸਿੰਘ ਨੇ 1985 ’ਚ ਬਰਨਾਲਾ ਸਰਕਾਰ ਮੌਕੇ ਸ਼ਰਾਬ ਦਾ ਠੇਕਾ ਬੰਦ ਕਰਵਾਇਆ ਸੀ ਜੋ 2006 ਵਿੱਚ ਆ ਕੇ ਮੁੜ ਚਾਲੂ ਹੋਇਆ। ਹੁਣ ਜਿੱਥੇ ਠੇਕਾ ਚੱਲ ਰਿਹਾ ਹੈ ਉਸ ਦੇ ਇਰਦ-ਗਿਰਦ ਸੰਤ ਗੰਗਾ ਦਾਸ ਪਬਲਿਕ ਸਕੂਲ, ਚਾਰ ਪਿੰਡਾਂ ਦਾ ਕੇਂਦਰ ਬਿੰਦੂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਲੋਵਾਲ ਤੇ ਹੋਰ ਧਾਰਮਿਕ ਸਥਾਨ ਮੌਜੂਦ ਹਨ ਜਿਸ ਕਰਕੇ ਇਹ ਠੇਕਾ ਕਿਸੇ ਕੀਮਤ ’ਤੇ ਚੱਲਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਖੁਲਾਸਾ ਕਰਦਿਆਂ ਕਿਹਾ ਕਿ ਵਿਭਾਗ ਦੇ ਨਿਯਮਾਂ ਦੀ ਰੌਸ਼ਨੀ ਵਿੱਚ ਕਈ ਥਾਈਂ ਠੇਕੇਦਾਰ ਠੇਕਾ ਖੋਲ੍ਹਣ ਦੀ ਕਾਰਵਾਈ ਨੂੰ ਪੱਕੇ ਪੈਰੀਂ ਕਰਨ ਲਈ ਪੁਲੀਸ ਦੀ ਮਿਲੀਭੁਗਤ ਨਾਲ ਪਿੰਡ ਦੇ ਕਿਸੇ ਨਾ ਕਿਸੇ ਵਿਅਕਤੀ ’ਤੇ ਕਥਿਤ ਨਾਜਾਇਜ਼ ਸ਼ਰਾਬ ਵੇਚਣ ਦਾ ਕੇਸ ਪਾਇਆ ਜਾਂਦਾ ਹੈ ਤਾਂ ਕਿ ਉਸ ਪਿੰਡ ਵਿੱਚ ਠੇਕਾ ਖੋਲ੍ਹਣ ਦੀ ਨਿਯਮ ਇਜ਼ਾਜ਼ਤ ਦੇ ਦੇਣ। ਉਨ੍ਹਾਂ ਪਿਛਲੇ ਵਰ੍ਹੇ ਠੇਕਾ ਬੰਦ ਕਰਨ ਸਬੰਧੀ ਲੋਕਾਂ ਦੀਆਂ ਭਾਵਨਾਵਾਂ ਨੂੰ ਅੱਖੋਂ-ਪਰੋਖੇ ਕਰਕੇ ਠੇਕਾ ਚਲਾਇਆ ਪਰ ਹੁਣ ਅਜਿਹਾ ਕੁਝ ਬਰਦਾਸ਼ਤਯੋਗ ਨਹੀਂ ਹੋਵੇਗਾ। ਸਰਪੰਚ ਨੇ ਪਿੰਡ ਵਾਸੀਆਂ ਨੂੰ ਠੇਕੇ ਲਈ ਜ਼ਮੀਨ ਨਾ ਦੇਣ ਲਈ ਸਖਤੀ ਨਾਲ ਕਿਹਾ ਹੈ।
ਨਿਯਮਾਂ ਅਨੁਸਾਰ ਕਾਰਵਾਈ ਕਰਾਂਗੇ: ਈਟੀਓ
ਈਟੀਓ ਪ੍ਰੀਤ ਭੁਪਿੰਦਰ ਸਿੰਘ ਨੇ ਦੋਸ਼ਾਂ ਦਾ ਖੰਡਨ ਕਰਦਿਆਂ ਠੇਕਾ ਬੰਦ ਕਰਨ ਲਈ ਪੁਲੀਸ ਦਾ ਰਿਕਾਰਡ ਦੇਖਿਆ ਜਾਵੇਗਾ। ਵਿਭਾਗ ਦੇ ਐਕਟ ਮੁਤਾਬਕ ਕਾਰਵਾਈ ਦੀ ਰਿਪੋਰਟ ਬਣਾ ਕੇ ਅੱਗੇ ਭੇਜ ਦਿੱਤੀ ਜਾਵੇਗੀ।