ਗੁਰਦੀਪ ਸਿੰਘ ਲਾਲੀ
ਸੰਗਰੂਰ, 13 ਅਕਤੂਬਰ
ਲੋਕਾਂ ਨੂੰ ਸੱਭਿਆਚਾਰ ਦੀਆਂ ਤੰਦਾਂ ਨਾਲ ਜੋੜਨ ਦੇ ਮਕਸਦ ਨਾਲ ਸਰਕਾਰੀ ਰਣਬੀਰ ਕਾਲਜ ਦੇ ਖੁੱਲ੍ਹੇ ਵਿਹੜੇ ’ਚ ਕਰਵਾਏ ਜਾ ਰਹੇ ‘ਖੇਤਰੀ ਸਰਸ ਮੇਲੇ ਦੀ ਸਟਾਰ ਨਾਈਟ ਮਹਿਲਾਵਾਂ ਦੇ ਤਿਉਹਾਰ ਕਰਵਾ ਚੌਥ ਨੂੰ ਸਮਰਪਿਤ ਰਹੀ ਤੇ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਗਾਇਕੀ ਰਾਹੀਂ ਦਰਸ਼ਕਾਂ ਦਾ ਖੂਬ ਮੰਨੋਰੰਜਨ ਕੀਤਾ। ਸਰਸ ਮੇਲੇ ਦੀ ਸਟੇਜ ’ਤੇ ‘ਮਿਸਿਜ਼ ਕਰਵਾ ਚੌਥ ਕੁਈਨ 2022’ ਮੁਕਾਬਲਾ ਵੀ ਕਰਾਇਆ ਗਿਆ ਜਿਸ ’ਚ ਔਰਤਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਜਿਨ੍ਹਾਂ ਦੀਆਂ ਜੇਤੂਆਂ ਨੂੰ ਡਾ. ਗੁਰਪ੍ਰੀਤ ਕੌਰ ਨੇ ਸਨਮਾਨਿਤ ਕੀਤਾ।
ਸਟਾਰ ਨਾਈਟ ਦੌਰਾਨ ਗਾਇਕਾ ਸੁਨੰਦਾ ਸ਼ਰਮਾ ਨੇ ਆਪਣੇ ਪ੍ਰਸਿੱਧ ਗੀਤਾਂ ਨਾਲ ਸਮਾਂ ਬੰਨ੍ਹਿਆ ਤੇ ਦੇਰ ਰਾਤ ਤੱਕ ਦਰਸ਼ਕ ਗੀਤਾਂ ’ਤੇ ਝੂਮਦੇ ਰਹੇ। ਸਰਸ ਮੇਲੇ ਦੀ ਸਟੇਜ ’ਤੇ ਵੀ ਕਰਵਾ ਚੌਥ ਦੀ ਝਲਕ ਪੇਸ਼ ਕਰਦੀ ਸਜਾਵਟ ਵੀ ਕੀਤੀ ਗਈ। ਸਟਾਰ ਨਾਈਟ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ, ਮੁੱਖ ਮੰਤਰੀ ਦੀ ਭੈਣ ਮਨਪ੍ਰੀਤ ਕੌਰ ਤੇ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਮਿਸਿਜ਼ ਕਰਵਾ ਚੌਥ ਕੁਈਨ-2022 ਮੁਕਾਬਲਾ ਕਰਾਇਆ ਗਿਆ ਜਿਸ ’ਚ ਰੰਗ ਬਿਰੰਗੇ ਪਹਿਰਾਵਿਆਂ ’ਚ ਸਜ਼ੀਆਂ ਔਰਤਾਂ ਨੇ ਉਤਸ਼ਾਹ ਨਾਲ ਭਾਗ ਲਿਆ। ਡਾ. ਗੁਰਪ੍ਰੀਤ ਕੌਰ ਨੇ ਜੇਤੂਆਂ ਨੂੰ ਸਨਮਾਨਿਤ ਕੀਤਾ। ਅੱਜ ਦਿਨ ਵੇਲੇ ਕਰਵਾ ਚੌਥ ਦੇ ਤਿਉਹਾਰ ਦੇ ਮੱਦੇਨਜ਼ਰ ਔਰਤਾਂ ਨੇ ਸਰਸ ਮੇਲੇ ’ਚ ਸ਼ਮੂਲੀਅਤ ਕੀਤੀ ਤੇ ਵੱਖ-ਵੱਖ ਰਾਜਾਂ ਦੀਆਂ ਕਲਾਕ੍ਰਿਤਾਂ ਦੀਆਂ ਸਟਾਲਾਂ ਤੋਂ ਖਰੀਦਦਾਰੀ ਕੀਤੀ। ਸਟਾਰ ਨਾਈਟ ’ਚ ਡੀਸੀ ਜਤਿੰਦਰ ਜ਼ੋਰਵਾਲ, ਉਨ੍ਹਾਂ ਦੀ ਪਤਨੀ ਪ੍ਰਤਿਭਾ ਜੋਰਵਾਲ ਤੇ ਐੱਸ.ਐੱਸ.ਪੀ. ਮਨਦੀਪ ਸਿੰਘ ਸਿੱਧੂ ਤੇ ਉਨ੍ਹਾਂ ਦੀ ਪਤਨੀ ਸੁਖਮੀਨ ਕੌਰ ਸਿੱਧੂ, ਏਡੀਸੀ (ਵਿਕਾਸ) ਵਰਜੀਤ ਵਾਲੀਆ, ਏਡੀਸੀ (ਜ) ਅਨਮੋਲ ਸਿੰਘ ਧਾਲੀਵਾਲ, ਐੱਸਡੀਐੱਮ ਨਵਰੀਤ ਕੌਰ ਸੇਖੋਂ, ਐੱਸਡੀਐੱਮ ਭਵਾਨੀਗੜ੍ਹ ਵਨੀਤ ਕੁਮਾਰ ਆਦਿ ਹਾਜ਼ਰ ਸਨ।