ਹਰਦੀਪ ਸਿੰਘ ਸੋਢੀ
ਧੂਰੀ, 17 ਮਈ
ਧੂਰੀ ਨਗਰ ਕੌਂਸਲ ਦਫਤਰ ਅੱਗੇ ਸਫ਼ਾਈ ਸੇਵਕ ਯੂਨੀਅਨ ਨੇ ਮਿਊਂਸਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ’ਤੇ ਆਪਣੀਆਂ ਮੰਗਾਂ ਦੇ ਸਮਰਥਨ ’ਚ ਅਣਮਿਥੇ ਸਮੇਂ ਦੀ ਹੜਤਾਲ ਦੌਰਾਨ ਪੰਜਵੇਂ ਦਿਨ ਧਰਨਾ ਲਾ ਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਹ ਹੜਤਾਲ ਕਰਮਚਾਰੀਆਂ ਨੂੰ ਸਮੇਂ ਸਿਰ ਤਨਖਾਹਾਂ ਦੇਣ, ਠੇਕੇਦਾਰੀ ਸਿਸਟਮ ਬੰਦ ਕਰਨ, ਬਰਾਬਰ ਕੰਮ ਬਰਾਬਰ ਤਨਖਾਹ ਅਤੇ ਪੈਨਸ਼ਨ ਆਦਿ ਨੂੰ ਲੈ ਕੇ ਕੀਤੀ ਜਾ ਰਹੀ ਹੈ। ਸਫ਼ਾਈ ਨਾ ਹੋਣ ਕਾਰਨ ਸ਼ਹਿਰ ਅੰਦਰ ਗੰਦਗੀ ਦੇ ਢੇਰ ਦਿਨੋਂ-ਦਿਨ ਵੱਧਦੇ ਜਾ ਰਹੇ ਹਨ। ਇਸ ਮੌਕੇ ਸਫਾਈ ਸੇਵਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਭਾਰਤ ਬੇਦੀ ਨੇ ਦੋਸ਼ ਲਾਇਆ ਕਿ ਸਰਕਾਰ ਨੇ ਹਮੇਸ਼ਾ ਸਫਾਈ ਸੇਵਕਾਂ ਨੂੰ ਅਣਦੇਖਿਆ ਕੀਤਾ ਹੈ। ਇਸ ਮੌਕੇ ਉੱਪਰ ਪ੍ਰਧਾਨ ਰਮੇਸ਼ ਕੁਮਾਰ, ਸੈਕਟਰੀ ਸੰਜੇ ਸਿੰਘ, ਪ੍ਰਵੀਨ ਕੁਮਾਰ, ਪਰਮਜੀਤ ਮੰਗੂ, ਮਨੀਸ਼ ਕੁਮਾਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਰਾਜਪੁਰਾ(ਪੱਤਰ ਪ੍ਰੇਰਕ): ਸਫਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ ’ਤੇ ਸੈਂਕੜੇ ਸਫਾਈ ਸੇਵਕਾਂ ਵੱਲੋਂ ਆਪਣੀਆਂ ਭੱਖਦੀਆਂ ਮੰਗਾਂ ਨੂੰ ਲੈ ਕੇ ਨਗਰ ਕੌਂਸਲ ਰਾਜਪੁਰਾ ਦੇ ਦਫਤਰ ਸਾਹਮਣੇ ਯੂਨੀਅਨ ਆਗੂਆਂ ਹੰਸ ਰਾਜ ਬਨਵਾੜੀ, ਜਸਵੀਰ ਕੁਮਾਰ, ਸ਼ਿਵ ਕੁਮਾਰ ਮੋਨੀ, ਰਜਿੰਦਰ ਕੁਮਾਰ ਅਤੇ ਕਮਲ ਕੁਮਾਰ ਦੀ ਸਾਂਝੀ ਅਗਵਾਈ ਵਿੱਚ ਰੋਸ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਵੱਲੋਂ ਪੰਜਾਬ ਸਰਕਾਰ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੋਕੇ ਯੂਨੀਅਨ ਆਗੂਆਂ ਹੰਸ ਰਾਜ ਬਨਵਾੜੀ, ਤਰਸੇਮ ਲਾਲ ਅਤੇ ਅਸ਼ੀਸ਼ ਵਾਲੀਆ ਸਮੇਤ ਹੋਰਨਾਂ ਨੇ ਸੰਬੋਧਨ ਕੀਤਾ।
ਪਾਤੜਾਂ (ਗੁਰਨਾਮ ਸਿੰਘ ਚੌਹਾਨ): ਨਗਰ ਕੌਂਸਲ ਪਾਤੜਾਂ ਦੀ ਸਵੀਪਰ ਯੂਨੀਅਨ ਦੇ ਸਫਾਈ ਕਰਮਚਾਰੀਆਂ ਵਲੋਂ ਆਪਣੀਆਂ ਹੱਕੀ ਮੰਗਾਂ ਲਈ 13 ਮਈ ਤੋਂ ਪੰਜਾਬ ਸਰਕਾਰ ਖਿਲਾਫ ਸ਼ੁਰੂ ਕੀਤੇ ਸ਼ਾਂਤਮਈ ਰੋਸ ਪ੍ਰਦਰਸ਼ਨ ਨੂੰ ਪਿਛਲੇ ਕਾਫੀ ਸਮੇਂ ਤੋਂ ਹਲਕੇ ਸ਼ੁਤਰਾਣੇ ਵਿੱਚ ਸਰਗਰਮ ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ, ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੁਤੰਤਰ ਮਜ਼ਦੂਰ ਯੂਨੀਅਨ ਭਾਰਤ ਦੇ ਪੰਜਾਬ ਕਨਵੀਨਰ ਡਾ. ਜਤਿੰਦਰ ਸਿੰਘ ਮੱਟੂ ਵਲੋਂ ਸਮਰਥਨ ਦਿੱਤਾ ਗਿਆ। ਇਸੇ ਦੌਰਾਨ ਸਫਾਈ ਕਰਮਚਾਰੀਆਂ ਨੇ ਨਾਅਰੇਬਾਜ਼ੀ ਕੀਤੀ । ਨੌਜਵਾਨ ਆਗੂ ਡਾ. ਜਤਿੰਦਰ ਸਿੰਘ ਮੱਟੂ ਨੇ ਸੰਬੋਧਨ ਕੀਤਾ।
ਇਸ ਮੌਕੇ ਸਵੀਪਰ ਯੂਨੀਅਨ ਨਗਰ ਕੌਂਸਲ ਪਾਤੜਾਂ ਦੇ ਨੁਮਾਇੰਦਿਆਂ ਵਿੱਚ ਵਾਈਸ ਪ੍ਰਧਾਨ ਕਰਮਜੀਤ ਸਿੰਘ, ਸੋਮਨਾਥ, ਸਨੀ ਕੁਮਾਰ, ਲਾਭ ਸਿੰਘ ਸਹੋਤਾ, ਰਿੰਕੂ ਦਾਨਵ ਐੱਮ.ਸੀ, ਬੰਟੀ ਕੁਮਾਰ ਹਾਜ਼ਰ ਸਨ।