ਪੱਤਰ ਪ੍ਰੇਰਕ
ਲਹਿਰਾਗਾਗਾ, 24 ਜੂਨ
ਮਿਉਂਸਿਪਲ ਵਰਕਰਜ਼ ਯੂਨੀਅਨ ਪੰਜਾਬ ਦੇ ਸੱਦੇ ’ਤੇ ਅੱਜ ਨਗਰ ਕੌਂਸਲ ਦਫ਼ਤਰ ਅੱਗੇ ਸਫ਼ਾਈ ਸੇਵਕ ਯੂਨੀਅਨ ਦੇ ਵਰਕਰਾਂ ਨੇ 45ਵੇਂ ਦਿਨ ਹੜਤਾਲ ਜਾਰੀ ਰੱਖਦਿਆਂ ‘ਫਿੱਟੇ ਮੂੰਹ ਸਰਕਾਰ’ ਦੇ ਸਿਰਲੇਖ ਹੇਠ ਧਰਨਾ ਦਿੱਤਾ। ਅੱਜ ਧਰਨੇ ’ਚ ਨਗਰ ਕੌਂਸਲ ਦੇ ਸਮੂਹ ਦਫ਼ਤਰੀ ਸਟਾਫ ਨੇ ਕਲਮ ਛੋਡ ਹੜਤਾਲ ਕਰ ਕੇ ਸ਼ਮੂਲੀਅਤ ਕੀਤੀ। ਸਫ਼ਾਈ ਸੇਵਕ ਯੂਨੀਅਨ ਦੇ ਪ੍ਰਧਾਨ ਦਫ਼ਤਰੀ ਸਟਾਫ ਦੇ ਆਗੂ ਜੱਗਾ ਸਿੰਘ, ਨਿਖਲ ਸਿੰਘ, ਸਕੱਤਰ ਅਵਤਾਰ ਸਿੰਘ , ਨਰੇਸ਼ ਕੁਮਾਰ, ਹੈਪੀ ਸਿੰੰਘ, ਰਵੀ ਸਿੰਘ ਆਦਿ ਨੇ ਸ਼ਹਿਰ ਨਿਵਾਸੀਆਂ ਤੋਂ ਲੰਬੇ ਅਰਸੇ ਤੋਂ ਲਟਕ ਰਹੀਆਂ ਮੰਗਾਂ ਦੀ ਪ੍ਰਾਪਤੀ ਲਈ ਕੀਤੇ ਜਾ ਰਹੇ ਸਹਿਯੋਗ ਦੇਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਬੇਸ਼ੱਕ ਸਰਕਾਰ ਨੇ ਸਫਾਈ ਸੇਵਕਾਂ ਤੇ ਹੋਰ ਕਾਮਿਆਂ ਨੂੰ ਰੈਗੂਲਰ ਕਰਨ ਦਾ ਵਾਅਦਾ ਕੀਤਾ ਹੈ, ਪਰ ਹਕੀਕਤ ’ਚ ਆਊਟਸੋਰਸ ਮੁਲਾਜ਼ਮ ਗਰਦਾਨ ਕੇ ਮਹਿਜ਼ ਡੀਸੀ ਰੇਟਾਂ ’ਤੇ ਹੀ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੰਗਾਂ ਮੰਨੇ ਜਾਣ ਤੱਕ ਹਰ ਹੀਲੇ ਸੰਘਰਸ਼ ਜਾਰੀ ਰੱਖਣਗੇ।
ਸੰਗਰੂਰ (ਪੱਤਰ ਪ੍ਰੇਰਕ): ਸਮਾਜ ਸੇਵੀ ਸੰਸਥਾ ਦਲਿਤ ਵੈੱਲਫ਼ੇਅਰ ਸੰਗਠਨ ਪੰਜਾਬ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਨੇ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾ ਸਮੇਂ ਕਾਂਗਰਸ ਪਾਰਟੀ ਵੱਲੋਂ ਸੂਬੇ ਦੇ ਵੱਖ-ਵੱਖ ਵਿਭਾਗਾਂ ਅੰਦਰ ਠੇਕੇਦਾਰੀ ਸਿਸਟਮ, ਪਾਰਟ ਟਾਈਮ ਤੇ ਕੰਟਰੈਕਟ ’ਤੇ ਕੰਮ ਕਰ ਰਹੇ ਕਾਮਿਆਂ ਨੂੰ ਪਹਿਲ ਦੇ ਆਧਾਰ ’ਤੇ ਪੱਕੇ ਕਰਨ ਦਾ ਵਾਅਦਾ ਕੀਤਾ ਸੀ। ਸ੍ਰੀ ਕਾਂਗੜਾ ਨੇ ਕਿਹਾ ਸਰਕਾਰ ਨੇ ਨਗਰ ਕੌਂਸਲਾਂ ਦੇ ਕੱਚੇ ਸਫ਼ਾਈ ਕਾਮਿਆਂ ਤੇ ਸੀਵਰਮੈਨਾਂ ਨੂੰ ਪੱਕੇ ਕਰਨ ਲਈ ਮੋਹਰ ਲਗਾ ਦਿੱਤੀ ਹੈ, ਪਰ ਅਜੇ ਵੀ ਵੱਖ-ਵੱਖ ਵਿਭਾਗਾਂ ’ਚ ਸਫ਼ਾਈ ਕਾਮੇ ਠੇਕੇਦਾਰੀ ਸਿਸਟਮ, ਪਾਰਟ ਟਾਇਮ ਅਤੇ ਕੰਟਰੈਕਟ ’ਤੇ ਕੰਮ ਕਰ ਰਹੇ ਹਨ।