ਪੱਤਰ ਪ੍ਰੇਰਕ
ਲਹਿਰਾਗਾਗਾ, 27 ਨਵੰਬਰ
ਇਥੇ ਸਫ਼ਾਈ ਸੇਵਕ ਯੂਨੀਅਨ ਵੱਲੋਂ ਨਗਰ ਕੌਂਸਲ ਦਫ਼ਤਰ ਅੱਗੇ ਸਮੂਹਿਕ ਹੜਤਾਲ ਕਰਕੇ ਧਰਨਾ ਦਿੱਤਾ। ਇਸ ਮੌਕੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਖ਼ਿਲਾਫ਼ ਰੋਹ ਪੂਰਨ ਨਾਅਰੇਬਾਜ਼ੀ ਤੇ ਪਿੱਟ ਸਿਆਪਾ ਕੀਤਾ। ਇਸ ਮੌਕੇ ਪ੍ਰਧਾਨ ਸੁਖਵਿੰਦਰ ਸਿੰਘ ਮੰਗੂ, ਪਸਸਸਫ ਦੇ ਪ੍ਰਧਾਨ ਸੁਖਦੇਵ ਚੰਗਾਲੀਵਾਲਾ, ਮੇਜਰ ਸਿੰਘ, ਕਾਮਰੇਡ ਮਹਿੰਦਰ ਬਾਗੀ, ਬਾਬੂ ਰਾਮ, ਬਿਮਲਾ ਦੇਵੀ, ਬਾਬੂ ਰਾਮ, ਲੀਲਾ ਰਾਮ ਮੇਟ ਨੇ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਕੇ ਮੰਗਾਂ ਮੰਨਣ ਦੀ ਅਪੀਲ ਕੀਤੀ। ਅਧਿਕਾਰੀਆਂ ਨੇ ਮੰਗ ਪੱਤਰ ਨੂੰ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਤੇ ਉੱਚ ਅਧਿਕਾਰੀਆਂ ਨੂੰ ਭੇਜ ਕੇ ਸੁਪਰੀਮ ਕੋਰਟ ਦੇ ਬਰਾਬਰ ਕੰਮ ਬਰਾਬਰ ਤਨਖਾਹ ਦੇ ਫੈਸਲੇ ਨੂੰ ਲਾਗੂ ਕਰਵਾਉਣ ਦਾ ਭਰੇਸਾ ਦਿਵਾਇਆ। ਧਰਨੇ ਨੂੰ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਸਫਾਈ ਸੇਵਕਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਲੈ ਕੇ ਤੰਗ ਪ੍ਰੇਸ਼ਾਨ ਕਰ ਰਹੀ ਹੈ।
ਧੂਰੀ (ਖੇਤਰੀ ਪ੍ਰਤੀਨਿਧ): ਕੇਂਦਰੀ ਟਰੇਡ ਯੂਨੀਅਨਾਂ ਦੇ ਦੇਸ਼-ਵਿਆਪੀ ਹੜਤਾਲ ਦੇ ਸੱਦੇ ’ਤੇ ਸਫ਼ਾਈ ਮਜ਼ਦੂਰ ਯੂਨੀਅਨ ਧੂਰੀ ਵੱਲੋਂ ਪ੍ਰਧਾਨ ਮਨੋਜ ਰਾਣੀ ਦੀ ਅਗਵਾਈ ਹੇਠ ਹੜਤਾਲ ਕਰਦਿਆਂ ਕੰਮਕਾਜ ਠੱਪ ਰੱਖਿਆ ਗਿਆ। ਵੱਖ-ਵੱਖ ਬੁਲਾਰਿਆਂ ਨੇ ਮੰਗ ਕੀਤੀ ਕਿ ਠੇਕਾ ਪ੍ਰਣਾਲੀ ਸਮਾਪਤ ਕਰਕੇ ਕੰਮ ਕਰਦੇ ਸਫ਼ਾਈ ਮਜ਼ਦੂਰ, ਸੀਵਰਮੈਨ, ਮਾਲੀ, ਬੇਲਦਾਰ, ਇਲੈਕਟ੍ਰੀਸ਼ਨ, ਪੰਪ ਅਪਰੇਟਰ, ਕੰਪਿਊਟਰ ਅਪਰੇਟਰ, ਕਲਰਕ, ਡਰਾਈਵਰ ਅਤੇ ਫਾਇਰ ਬਿਗ੍ਰੇਡ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ।