ਗੁਰਦੀਪ ਸਿੰਘ ਲਾਲੀ
ਸੰਗਰੂਰ, 27 ਜੂਨ
ਮੌਜੂਦਾ ਸਾਲ ਦੌਰਾਨ ਪੰਜਾਬ ਵਿਚ 51 ਰੋਲ ਮਾਡਲ ਔਰਗੈਨਿਕ ਸੈਂਟਰ ਬਣਾਉਣ ਦਾ ਟੀਚਾ ਹੈ ਜਿਨ੍ਹਾਂ ’ਚੋ 31 ਸੈਂਟਰਾਂ ਦਾ ਕੰਮ ਚੱਲ ਰਿਹਾ ਹੈ। ਇਨ੍ਹਾਂ ’ਚੋ 6 ਔਰਗੈਨਿਕ ਸੈਂਟਰ ਜ਼ਿਲ੍ਹਾ ਸੰਗਰੂਰ ਵਿਚ ਬਣ ਰਹੇ ਹਨ। ਇਥੇ ਜਾਣਕਾਰੀ ਦਿੰਦਿਆਂ ਮੱਧ ਪ੍ਰਦੇਸ਼ ਨਾਲ ਸਬੰਧਤ ਸੰਸਥਾ ਔਰਗੈਨਿਕ ਰਾਜ ਦੇ ਡਾਇਰੈਕਟਰ ਰਾਜਬੀਰ ਸਿੰਘ ਨੇ ਕਿਹਾ ਕਿ ਦੋ ਏਕੜ ਜ਼ਮੀਨ ਨੂੰ ਚਾਰ ਹਿੱਸਿਆ ਵਿੱਚ ਵੰਡ ਕੇ ਅੱਧੇ-ਅੱਧੇ ਏਕੜ ਦੇ ਪਲਾਟ ਬਣਾ ਲਏ ਜਾਣਗੇ। ਇਨ੍ਹਾਂ ਦੇ ਚਾਰੇ ਪਾਸੇ ਖਾਲੀਆਂ ਬਣਾ ਕੇ ਦਸ-ਦਸ ਫੁੱਟ ਦੀ ਦੂਰੀ ’ਤੇ 200 ਫਰੂਟ ਪਲਾਂਟ ਲਾਏ ਜਾ ਸਕਣਗੇ। ਇੱਕ ਪਲਾਂਟ ਤੋਂ ਦੂਜੇ ਪਲਾਂਟ ਦੇ ਵਿਚਕਾਰ ਛੋਟੀਆਂ ਜੜ੍ਹਾਂ ਵਾਲੀਆਂ ਫਸਲਾਂ ਲਾਈਆਂ ਜਾ ਸਕਣਗੀਆਂ, ਜਿੰਨ੍ਹਾਂ ਤੋਂ ਵਧੇਰੇ ਆਮਦਨ ਹੋਵੇਗੀ। ਤਿੰਨ ਪਲਾਟਾਂ ਵਿਚ ਕਿਸਾਨ ਆਪਣੀ ਪਸੰਦ ਦੀਆਂ ਫਸਲਾਂ ਦੀ ਕਾਸ਼ਤ ਕਰ ਸਕਣਗੇ। ਇੱਕ ਪਲਾਟ ਦੇ ਅੱਧੇ ਹਿੱਸੇ ਵਿੱਚ 5 ਵੱਛੀਆਂ ਦਾ ਸ਼ੈੱਡ ਹੋਵੇਗਾ। ਇਸ ਤੋਂ ਇਲਾਵਾ ਮਧੂ ਮੱਖੀਆਂ ਦੇ ਬਕਸੇ ਰੱਖੇ ਜਾ ਸਕਣਗੇ।ਔਰਗੈਨਿਕ ਪਰਾਲੀ ਤੋਂ ਵੱਡੇ ਪੱਧਰ ’ਤੇ ਔਰਗੈਨਿਕ ਖੁੰਬਾਂ ਦੀ ਪੈਦਾਵਾਰ ਕੀਤੀ ਜਾ ਸਕੇਗੀ ਜੋ ਕਿ ਆਮਦਨ ਨੂੰ ਵੱਡਾ ਹੁਲਾਰਾ ਦੇਵੇਗੀ। ਉਨ੍ਹਾਂ ਦੱਸਿਆ ਕਿ ਇੱਕ ਏਕੜ ’ਚੋਂ ਕਿਸਾਨ ਨੂੰ 4 ਤੋਂ 5 ਲੱਖ ਰੁਪਏ ਦੀ ਆਮਦਨ ਹੋਵੇਗੀ। ਜੇ ਕਿਸਾਨ ਖੇਤੀ ਨੂੰ ਇਸ ਪੱਧਰ ’ਤੇ ਲੈ ਗਏ ਤਾਂ ਨੌਜਵਾਨਾਂ ਨੂੰ ਵਿਦੇਸ਼ ਜਾਣ ਦੀ ਲੋੜ ਨਹੀਂ ਪਵੇਗੀ। ਸਮਾਜ ਸੇਵੀ ਡਾ. ਏ.ਐਸ.ਮਾਨ ਨੇ ਦੱਸਿਆ ਕਿ ਉਨ੍ਹਾਂ ਦੇ ਖੇਤ ਸਮੇਤ ਜ਼ਿਲ੍ਹਾ ਸੰਗਰੂਰ ਵਿਚ 6 ਆਰਗੈਨਿਕ ਮਾਡਲ ਸੈਂਟਰ ਬਣਨੇ ਸ਼ੁਰੂ ਹੋ ਗਏ ਹਨ।ਇਸ ਮੌਕੇ ਵਰਿੰਦਰ ਚੌਧਰੀ ਮੁਹਾਲੀ, ਇੰਜ. ਪ੍ਰਵੀਨ ਬਾਂਸਲ, ਕਮਲ ਬਾਂਸਲ ਆਦਿ ਮੌਜੂਦ ਸਨ।