ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 14 ਜੂਨ
ਮਹਿਲਾ ਮੁਲਾਜ਼ਮਾਂ ਦੀਆਂ ਚੋਣ ਡਿਊਟੀਆਂ ਉਨ੍ਹਾਂ ਦੇ ਰਿਹਾਇਸ਼ੀ ਇਲਾਕੇ ਨੇੜੇ ਲਗਾਉਣ ਦੀ ਚੋਣ ਕਮਿਸ਼ਨ ਦੀ ਹਦਾਇਤ ਨੂੰ ਲਾਗੂ ਕਰਾਉਣ ਲਈ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੀ ਅਗਵਾਈ ਹੇਠ ਅਧਿਆਪਕਾਂ ਵੱਲੋਂ ਸੰਗਰੂਰ ਸੰਸਦੀ ਹਲਕੇ ਦੀ ਜ਼ਿਮਨੀ ਚੋਣ ਦੇ ਜਨਰਲ ਚੋਣ ਅਬਜ਼ਰਵਰ ਦੀ ਰਿਹਾਇਸ਼ ਰੈਸਟ ਹਾਊਸ ਅੱਗੇ ਰੋਸ ਧਰਨਾ ਦਿੱਤਾ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਬਲਵੀਰ ਚੰਦ ਲੌਂਗੋਵਾਲ ਅਤੇ ਸਕੱਤਰ ਹਰਭਗਵਾਨ ਗੁਰਨੇ ਨੇ ਕਿਹਾ ਕਿ ਚੋਣ ਡਿਊਟੀਆਂ ਦੌਰਾਨ ਮਹਿਲਾ ਕਰਮਚਾਰੀਆਂ ਦੀਆਂ ਡਿਊਟੀਆਂ ਦੂਜੇ ਜ਼ਿਲ੍ਹਿਆਂ ਜਾਂ ਦੂਰ-ਦੁਰਾਡੇ ਹਲਕਿਆਂ ਵਿੱਚ ਲਗਾਈਆਂ ਜਾਂਦੀਆਂ ਹਨ ਜਦੋਂ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮਹਿਲਾ ਮੁਲਾਜ਼ਮਾਂ ਦੀ ਡਿਊਟੀ ਉਨ੍ਹਾਂ ਦੇ ਰਿਹਾਇਸ਼ੀ ਖੇਤਰ ਨੇੜੇ ਲਗਾਈ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਚੋਣ ਡਿਊਟੀਆਂ ਵੀ ਸਹੀ ਢੰਗ ਨਾਲ ਨਹੀਂ ਲਗਾਈਆਂ ਜਾ ਰਹੀਆਂ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਸ਼ਾਸਨ ਮੁਲਾਜ਼ਮਾਂ ਦੇ ਜਮਹੂਰੀ ਹੱਕਾਂ ਦੀ ਅਣਦੇਖੀ ਕਰ ਰਿਹਾ ਹੈ। ਇਸ ਸਬੰਧੀ ਉਹ ਪਹਿਲਾਂ ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ ਵੀ ਮਿਲ ਚੁੱਕੇ ਹਨ ਅਤੇ ਦੋ ਵਾਰ ਚੋਣ ਅਬਜ਼ਰਵਰ ਨੂੰ ਮਿਲ ਚੁੱਕੇ ਹਨ ਪਰ ਸੁਣਵਾਈ ਨਹੀਂ ਹੋ ਰਹੀ। ਇਸ ਕਾਰਨ ਹੀ ਜਨਰਲ ਚੋਣ ਅਬਜ਼ਰਵਰ ਦੀ ਸਰਕਾਰੀ ਰਿਹਾਇਸ਼ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਅੱਗੇ ਰੋਸ ਧਰਨੇ ਲਈ ਮਜਬੂਰ ਹੋਏ ਹਨ। ਜਨਰਲ ਚੋਣ ਅਬਜ਼ਰਵਰ ਨੇ ਖੁਦ ਆ ਕੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਮਹਿਲਾ ਕਰਮਚਾਰੀਆਂ ਨੂੰ ਚੋਣ ਡਿਊਟੀਆਂ ਦੌਰਾਨ ਬਾਹਰਲੇ ਜ਼ਿਲ੍ਹਿਆਂ ਵਿੱਚ ਨਹੀਂ ਭੇਜਿਆ ਜਾਵੇਗਾ ਅਤੇ ਉਨ੍ਹਾਂ ਦੀ ਰਿਹਾਇਸ਼ ਦੇ ਨੇੜੇ ਹੀ ਚੋਣ ਡਿਊਟੀ ਲਗਾਈ ਜਾਵੇਗੀ। ਧਰਨੇ ’ਚ ਜਸਵੀਰ ਨਮੋਲ, ਜਮਹੂਰੀ ਅਧਿਕਾਰ ਸਭਾ ਦੇ ਆਗੂ ਜੁਝਾਰ ਲੌਂਗੋਵਾਲ, ਵਿਸ਼ਵ ਕਾਂਤ, ਅਮਰੀਕ ਖੋਖਰ, ਤਰਕਸ਼ੀਲ ਆਗੂ ਪਰਮ ਖੇਦ, ਪੈਨਸ਼ਨਰ ਆਗੂ ਕਰਮ ਸਿੰਘ ਸੁਨਾਮ, ਭਾਕਿਯੂ ਏਕਤਾ ਉਗਰਾਹਾਂ ਦੇ ਗੁਰਚਰਨ ਖੋਖਰ, ਸੀਮਾ ਜੈਨ, ਹਰਦੀਪ ਕੌਰ, ਰਣਜੀਤ ਕੌਰ , ਸੁਸ਼ੀਲ ਕੁਮਾਰੀ, ਕਰਮਜੀਤ ਕੌਰ, ਯਾਦਵਿੰਦਰ ਧੂਰੀ, ਅਨਿਲ ਲੌਂਗੋਵਾਲ, ਗੁਰਪ੍ਰੀਤ ਬੱਬੀ ਤੇ ਗੁਰਮੀਤ ਸੇਖੂਵਾਸ ਆਦਿ ਮੁਲਾਜ਼ਮ ਸ਼ਾਮਲ ਹੋਏ। ਅਖ਼ੀਰ ਬਲਵੀਰ ਚੰਦ ਲੌਂਗੋਵਾਲ ਨੇ ਕਿਹਾ ਕਿ ਜਨਰਲ ਚੋਣ ਅਬਜ਼ਰਵਰ ਉੱਪਰ ਉਹ ਭਰੋਸਾ ਕਰ ਰਹੇ ਹਨ ਪਰ ਜੇਕਰ ਫ਼ਿਰ ਵੀ ਮਸਲਾ ਹੱਲ ਨਾ ਹੋਇਆ ਤਾਂ ਮੁੜ ਸੰਘਰਸ਼ ਵਿੱਢਿਆ ਜਾਵੇਗਾ ਅਤੇ ਮੁਲਾਜ਼ਮਾਂ ਦੇ ਜਮਹੂਰੀ ਹੱਕਾਂ ਦੀ ਅਣਦੇਖੀ ਨਹੀਂ ਹੋਣ ਦਿੱਤੀ ਜਾਵੇਗੀ।