ਹਰਦੀਪ ਸਿੰਘ ਸੋਢੀ
ਧੂਰੀ, 2 ਦਸੰਬਰ
ਸ਼ਹਿਰ ਅੰਦਰ ਤਹਿਸੀਲਦਾਰਾਂ, ਪਟਵਾਰੀਆਂ, ਕਾਨੂੰਨਗੋਆਂ ਦੀ ਹੜਤਾਲ ਕਾਰਨ ਲੋਕ ਪ੍ਰੇਸ਼ਾਨ ਹਨ ਪ੍ਰਸ਼ਾਸਨ ਵੱਲੋਂ ਹਲੇ ਤੱਕ ਇਨ੍ਹਾਂ ਦੀਆਂ ਹੜਤਾਲਾਂ ਨੂੰ ਖੁਲ੍ਹਵਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਜਿਸ ਕਾਰਨ ਸਥਿਤੀ ਹੋਰ ਗੰਭੀਰ ਹੁੰਦੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਇਕ ਹਫ਼ਤੇ ਤੋਂ ਹੜਤਾਲ ਕਾਰਨ ਲੋਕਾਂ ਦੇ ਵੱਖ-ਵੱਖ ਕੰਮ ਰੁਕੇ ਹੋਏ ਹਨ। ਇਸ ਸਬੰਧੀ ਕਿਸਾਨ ਮੁਕਤੀ ਮੋਰਚਾ ਦੇ ਪ੍ਰਧਾਨ ਕਿਰਪਾਲ ਸਿੰਘ ਰਾਜੋਮਾਜਰਾ, ਹਰਬੰਸ ਸਿੰਘ ਲੱਡਾ, ਹਰਬੰਸ ਸਿੰਘ ਸੋਢੀ ਨੇ ਸਰਕਾਰ ਨੂੰ ਤਹਿਸੀਲਦਾਰਾਂ, ਪਟਵਾਰੀਆਂ, ਕਾਨੂੰਗੋਆਂ ਦੀਆਂ ਮੰਗਾਂ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਇਨ੍ਹਾਂ ਦੀਆਂ ਹੜਤਾਲਾਂ ਕਾਰਨ ਆਮ ਲੋਕ ਪ੍ਰੇਸ਼ਾਨ ਹੋ ਰਹੇ ਹਨ। ਦੂਸਰੇ ਪਾਸੇ ਸ਼ਹਿਰ ਅੰਦਰ ਸੇਵਾ ਕੇਂਦਰਾਂ ਦੀ ਘਾਟ ਕਾਰਨ ਲੋਕ ਪ੍ਰੇਸ਼ਾਨੀ ਦਾ ਆਲਮ ਝੱਲਣ ਲਈ ਮਜਬੂਰ ਹਨ।
ਤਹਿਸੀਲ ਦਫ਼ਤਰ ਵਿੱਚ ਪਖ਼ਾਨਿਆਂ ਦੀ ਹਾਲਤ ਤਰਸਯੋਗ
ਇਸੇ ਤਰ੍ਹਾਂ ਤਹਿਸੀਲ ਦਫ਼ਤਰ ਵਿੱਚ ਪਖ਼ਾਨਿਆਂ ਦੀ ਹਾਲਤ ਤਰਸਯੋਗ ਬਣੀ ਹੋਈ ਪਰ ਕੋਈ ਵੀ ਅਧਿਕਾਰੀ ਇਨਾਂ ਪਖਾਨਿਆਂ ਦੀ ਹਾਲਤ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਪਖਾਨਿਆਂ ਵਿੱਚੋਂ ਬਦਬੂ ਮਾਰਨ ਦੇ ਨਾਲ-ਨਾਲ ਇਨ੍ਹਾਂ ਦੀ ਸਫ਼ਾਈ ਦਾ ਠੋਸ ਪ੍ਰਬੰਧ ਨਹੀਂ। ਪਖ਼ਾਨਿਆਂ ਦੀ ਤਰਸਯੋਗ ਹਾਲਤ ਕਾਰਨ ਔਰਤਾਂ ਨੂੰ ਵੱਧ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਲੋਕਾਂ ਦੀ ਡਿਪਟੀ ਕਮਿਸ਼ਨਰ ਸੰਗਰੂਰ ਤੋਂ ਮੰਗ ਕੀਤੀ ਹੈ ਤਹਿਸੀਲ ਦਫ਼ਤਰ ਦੇ ਪਖ਼ਾਨਿਆਂ ਦੀ ਹਾਲਤ ਸੁਧਾਰਨ ਦੇ ਨਾਲ-ਨਾਲ ਇਸ ਵਿੱਚ ਸਫ਼ਾਈ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ।